ਤਿਰੂਵਨੰਤਪੁਰਮ: ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਮਹਿਲਾਵਾਂ ਦੀ ਐਂਟਰੀ ਬਾਅਦ ਹਿੰਸਕ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੋਵਾਂ ਧੜਿਆਂ ਦੇ ਲੋਕ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ। ਸੂਬੇ ਵਿੱਚ ਤਣਾਓ ਦੀ ਸਥਿਤੀ ਬਣੀ ਹੋਈ ਹੈ। ਹਾਲਾਤ ’ਤੇ ਕਾਬੂ ਪਾਉਣ ਲਈ ਪੁਲਿਸ ਮਾਰਚ ਕਰ ਰਹੀ ਹੈ। ਹਾਲਾਂਕਿ ਹਾਲੇ ਤਕ ਸਥਿਤੀ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੰਨੂਰ ਜ਼ਿਲ੍ਹੇ ਵਿੱਚ ਹਿੰਸਾ ਫੈਲਾਉਣ ਦੇ ਇਲਜ਼ਾਮ ਵਿੱਚ 33 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।



ਸੂਬੇ ਦੇ ਪਥਨਮਥਿੱਟਾ ਜ਼ਿਲ੍ਹੇ ਵਿੱਚ ਹਮਲਾ ਕਰਨ ਦੇ ਇਲਜ਼ਾਮ ਤਹਿਤ 76 ਕੇਸ ਦਰਜ ਹੋਏ ਹਨ ਜਦਕਿ 25 ਲੋਕਾਂ ਨੂੰ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਗਿਆ ਹੈ ਤੇ 200 ਤੋਂ ਵੱਧ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ। ਹਮਲੇ ਦੇ ਇਲਜ਼ਾਮ ਵਿੱਚ ਪੁਲਿਸ ਨੇ 110 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।



ਕਨੂਰ ਜ਼ਿਲ੍ਹੇ ਵਿੱਚ ਸੀਪੀਐਮ ਦੇ ਵਿਧਾਇਕ ਏਐਨ ਸ਼ਮਸ਼ੇਰ ਦੇ ਘਰ ’ਤੇ ਕੁਝ ਲੋਕਾਂ ਨੇ ਰਾਤ 10 ਵਜੇ ਦੇ ਕਰੀਬ ਦੇਸੀ ਬੰਬ ਨਾਲ ਹਮਲਾ ਕੀਤਾ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਦੱਸ ਦੇਈਏ ਕਿ ਸਬਰੀਮਾਲਾ ਮੰਦਰ ਵਿੱਚ ਦੋ ਮਹਿਲਾਵਾਂ ਦੇ ਪ੍ਰਵੇਸ਼ ਕਰਨ ਬਾਅਦ ਲੋਕਾਂ ਨੇ ਹਿੰਸਕ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੂਬੇ ਦੇ ਕਈ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਹੋਈਆਂ।