ਅੰਬਾਲਾ: ਹਰਿਆਣਾ ਦੇ ਸਿਹਤ ਵਿਭਾਗ ਨੇ ਫਾਰਮਾ ਕੰਪਨੀਆਂ ਤੇ ਮੈਡੀਕਲ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਮੁਫ਼ਤ ਵਿੱਚ ਵਿਦੇਸ਼ੀ ਦੌਰੇ ਕਰ ਚੁੱਕੇ ਸਰਕਾਰੀ ਡਾਕਟਰਾਂ ’ਤੇ ਸ਼ਿਕੰਜੀ ਕੱਸ ਲਿਆ ਹੈ। ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਨੂੰ ਬਾਹਰ ਦੀਆਂ ਦਵਾਈਆਂ ਲਿਖ ਕੇ ਫਾਰਮਾ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲੇ ਡਾਕਟਰਾਂ ਦੀ ਗਰਦਨ ’ਤੇ ਮੁਅੱਤਲ ਹੋਣ ਦੀ ਤਲਵਾਰ ਲਟਕਣ ਵਾਲੀ ਹੈ।

ਸਿਹਤ ਮੰਤਰੀ ਅਨਿਲ ਵਿਜ ਨੇ ਬੀਤੇ ਸਾਲਾਂ ਵਿੱਚ ਵਿਦੇਸ਼ੀ ਦੌਰੇ ਕਰਨ ਵਾਲੇ ਸੂਬੇ ਦੇ ਸਾਰੇ ਸਰਕਾਰੀ ਡਾਕਟਰਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਇਲਾਵਾ ਉਨ੍ਹਾਂ ਰੋਹਤਕ ਪੀਜੀਆਈ ਵਿੱਚ ਦਵਾਈਆਂ ਸਪਲਾਈ ਕਰਨ ਵਾਲੀ ਕੰਪਨੀ ’ਤੇ ਵੀ ਪੀਜੀਆਈ ਦੇ ਨਿਰਦੇਸ਼ਕ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ ’ਚ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਨਿਲ ਵਿਜ ਨੇ ਸਿਹਤ ਵਿਭਾਗ ਨੂੰ ਇਸ ਬੀਰੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਬੀਤੇ ਸਾਲਾਂ ਵਿੱਚ ਜੋ ਵੀ ਡਾਕਟਰਾਂ ਨੇ ਵਿਦੇਸ਼ੀ ਯਾਤਰਾਵਾਂ ਕੀਤੀਆਂ ਹਨ, ਉਹ ਆਪਣੇ ਖਰਚ ’ਤੇ ਵਿਦੇਸ਼ ਗਏ ਸਨ ਜਾਂ ਫਿਰ ਕਿਸੇ ਫਾਰਮਾ ਕੰਪਨੀ ਜਾਂ ਮੈਡੀਕਲ ਉਪਕਰਨ ਬਣਾਉਣ ਵਾਲੀ ਕੰਪਨੀ ਦੇ ਸਪੌਂਸਰਡ ਪੈਸੇ ਉਡਾ ਰਹੇ ਸਨ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੋ ਵੀ ਡਾਕਟਰ ਸਰਕਾਰੀ ਅਹੁਦੇ ਦਾ ਦੁਰਉਪਯੋਗ ਕਰਕੇ ਫਾਰਮਾ ਕੰਪਨੀਆਂ ਦੇ ਪੈਸੇ ’ਤੇ ਵਿਦੇਸ਼ ਗਿਆ ਹੋਇਆ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।