ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਇਨਸਾਨ ਨੂੰ ਹਿਲਾ ਕੇ ਰੱਖ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਸਟ੍ਰੈਚਰ ਉੱਤੇ ਰੱਖੀ ਲੜਕੀ ਦੀ ਲਾਸ਼ ਨੂੰ ਕੁੱਤਾ ਵੱਢ-ਟੁੱਕ ਰਿਹਾ ਹੈ। ਕੱਲ੍ਹ ਵੀਰਵਾਰ ਨੂੰ ਇਹ ਲੜਕੀ ਸੜਕ ਹਾਦਸੇ ’ਚ ਜ਼ਖ਼ਮੀ ਹੋ ਗਈ ਸੀ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਸੀ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਲੜਕੀ ਦੀ ਮੌਤ ਹਸਪਤਾਲ ਪੁੱਜ ਕੇ ਇਲਾਜ ਦੌਰਾਨ ਹੋਈ ਹੈ ਜਾਂ ਉਸ ਤੋਂ ਪਹਿਲਾਂ।

20 ਸੈਕੰਡ ਦਾ ਇਹ ਵੀਡੀਓ ਇਨਸਾਨ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੰਦਾ ਹੈ। ਚਿੱਟੀ ਚਾਦਰ ਨਾਲ ਢੱਕੀ ਹੋਈ ਲਾਸ਼ ਨੂੰ ਇੱਕ ਅਵਾਰਾ ਕੁੱਤਾ ਵੱਢ-ਟੁੱਕ ਰਿਹਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਵੀ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਮੰਨਿਆ ਹੈ।

ਮ੍ਰਿਤਕ ਲੜਕੀ ਦੇ ਪਿਤਾ ਚਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਧੀ ਨੂੰ ਹਸਪਤਾਲ ਲਿਆਏ, ਤਾਂ ਡੇਢ ਘੰਟੇ ਤੱਕ ਵੀ ਕਿਸੇ ਨੇ ਇਲਾਜ ਹੀ ਸ਼ੁਰੂ ਨਹੀਂ ਕੀਤਾ ਸੀ।


ਇਹ ਵੀਡੀਓ ਸਮਾਜਵਾਦੀ ਪਾਰਟੀ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਸੁਆਲ ਕਰਦਿਆਂ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਹੈ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਗਰ ਪ੍ਰਸ਼ਾਸਨ ਨੂੰ ਕਈ ਵਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਕੋਈ ਹੱਲ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰਕ ਮੈਂਬਰ ਕੁਝ ਚਿਰ ਲਈ ਮ੍ਰਿਤਕ ਦੇਹ ਨੂੰ ਛੱਡ ਕੇ ਕਿਤੇ ਚਲੇ ਗਏ ਸਨ, ਉਸੇ ਦੌਰਾਨ ਇਹ ਘਟਨਾ ਵਾਪਰ ਗਈ।