ਮੁੰਬਈ: ਅੱਜ ਮੁੰਬਈ ਮਹਾਂਨਗਰ ਦੇ ਕਈ ਇਲਾਕਿਆਂ ਵਿੱਚ ਆਏ ਮੌਨਸੂਨ ਦੇ ਭਾਰੀ ਮੀਂਹ ਨੇ ਜਲਥਲ ਕਰ ਦਿੱਤਾ। ਜਿੱਥੇ ਮੁੰਬਈ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਉੱਥੇ ਹੀ ਮੀਂਹ ਦਾ ਅਸਰ ਰੇਲ ਤੇ ਸੜਕੀ ਆਵਾਜਾਈ ਤੇ ਵੀ ਦੇਖਣ ਨੂੰ ਮਿਲਿਆ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਮੌਸਮ ਦਾ ਮਿਜਾਜ਼ ਵਿਗੜਿਆ ਰਿਹਾ ਤੇ ਪੰਜਾਬ ਵਿੱਚ ਕਈ ਥਾਈਂ ਛਰਾਟੇ ਪਏ।
ਮੁੰਬਈ ਨਗਰ ਨਿਗਮ ਮੁਤਾਬਕ ਦੁਪਹਿਰ ਤਕ ਮੁੰਬਈ ਦੇ ਦੱਖਣੀ ਹਿੱਸੇ ਵਿੱਚ 33.10 ਮਿਲੀਮੀਟਰ ਤੇ ਆਸ-ਪਾਸ ਦੇ ਇਲਾਕਿਆਂ ਚ 33.80 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸੋਮਵਾਰ ਤੱਕ ਮੁੰਬਈ ਦੇ ਕੁਝ ਖੇਤਰਾਂ ਚ ਭਾਰੀ ਮੀਂਹ ਦਾ ਖ਼ਦਸ਼ਾ ਜਤਾਇਆ ਹੈ।
ਉੱਧਰ ਦਿੱਲੀ ਵਿੱ ਅੱਜ ਆਈ ਧੂੜ ਭਰੀ ਹਨ੍ਹੇਰੀ ਨਾਲ ਦਿਨ ਵਿੱਚ ਹੀ ਹਨ੍ਹੇਰਾ ਛਾ ਗਿਆ। ਦਿੱਲੀ 'ਚ ਕਈ ਥਾਈਂ ਮੀਹ ਪੈਣ ਦੀ ਵੀ ਸੰਭਾਵਨਾ ਹੈ। ਦੂਜੇ ਪਾਸੇ ਅੱਜ ਚੰਡੀਗੜ੍ਹ ਤੇ ਪੰਜਾਬ ਵਿੱਚ ਵੀ ਤੜਕਸਾਰ ਮੀਂਹ ਨੇ ਦਸਤਕ ਦਿੱਤੀ ਜਿਸ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।