ਨਵੀਂ ਦਿੱਲੀ: ਸਰਦੀਆਂ ਸ਼ੁਰੂ ਹੁੰਦਿਆਂ ਹੀ ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਹਿੱਲਜੁਲ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਾਲੇ ਪਾਸੇ ਕੰਟਰੋਲ ਰੇਖਾ ਨੇੜੇ ਘੱਟੋ-ਘੱਟ 20 ਦਹਿਸ਼ਤੀ ਕੈਂਪ ਤੇ 20 ਹੋਰ ਲਾਂਚ ਪੈਡ ਕਾਇਮ ਕੀਤੇ ਗਏ ਹਨ। ਇਨ੍ਹਾਂ ਦਾ ਮਕਸਦ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਦਹਿਸ਼ਤਗਰਦਾਂ ਦੀ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਾਉਣਾ ਹੈ।


ਦਰਅਸਲ ਹਰ ਸਾਲ ਸਰਦੀ ਦੇ ਦਿਨਾਂ ਵਿੱਚ ਸਰਹੱਦ 'ਤੇ ਘੁਸਪੈਠ ਵਧ ਜਾਂਦੀ ਹੈ। ਇਸ ਵਾਰ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਕਰਕੇ ਅੱਤਵਾਦੀ ਵੱਡੇ ਹਮਲੇ ਦੀ ਤਾਕ ਵਿੱਚ ਹਨ। ਕਸ਼ਮੀਰ ਮੁੱਦੇ 'ਤੇ ਖਫਾ ਪਾਕਿਸਤਾਨ ਵੀ ਖੁੱਲ੍ਹ ਕੇ ਅੱਤਵਾਦੀਆਂ ਦੀ ਹਮਾਇਤ ਕਰ ਰਿਹਾ ਹੈ। ਇਸ ਵਰ੍ਹੇ ਫਰਵਰੀ ਵਿੱਚ ਪੁਲਵਾਮਾ ’ਚ ਸੀਆਰਪੀਐਫ ਦੀ ਬੱਸ ’ਤੇ ਹੋਏ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਸਥਿਤ ਦਹਿਸ਼ਤੀ ਕੈਂਪਾਂ ’ਤੇ ਬੰਬ ਸੁੱਟੇ ਸੀ। ਇਸ ਕਾਰਨ ਆਰਜ਼ੀ ਤੌਰ ’ਤੇ ਬੰਦ ਹੋਏ ਇਨ੍ਹਾਂ ਕੈਂਪਾਂ ਨੂੰ ਹੁਣ ਮੁੜ ਸਰਗਰਮ ਕੀਤਾ ਗਿਆ ਹੈ।

ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਹਰੇਕ ਦਹਿਸ਼ਤੀ ਸਿਖਲਾਈ ਕੈਂਪ ਤੇ ਲਾਂਚ ਪੈਡ ਕੋਲ ਘੱਟੋ-ਘੱਟ 50 ਦਹਿਸ਼ਤਗਰਦ ਹਨ। ਸੁਰੱਖਿਆ ਅਧਿਕਾਰੀ ਨੇ ਖ਼ੁਫ਼ੀਆ ਏਜੰਸੀਆਂ ਦੇ ਹਵਾਲੇ ਨਾਲ ਦੱਸਿਆ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਮਗਰੋਂ ਪਾਕਿਸਤਾਨੀ ਏਜੰਸੀਆਂ ਨੂੰ ਜੰਮੂ ਕਸ਼ਮੀਰ ਵਿੱਚ ਦਹਿਸ਼ਤੀ ਹਮਲੇ ਕਰਨ ਲਈ ਮੌਕੇ ਦੀ ਤਲਾਸ਼ ਸੀ ਪਰ ਇਸ ਸਮੇਂ ਦੌਰਾਨ ਦਹਿਸ਼ਤਗਰਦ ਕੋਈ ਵੱਡਾ ਹਮਲਾ ਨਹੀਂ ਕਰ ਸਕੇ।

ਇਸ ਕਰਕੇ ਪਾਕਿਸਤਾਨੀ ਏਜੰਸੀਆਂ ਵਲੋਂ ਹੁਣ ਵੱਧ ਤੋਂ ਵੱਧ ਦਹਿਸ਼ਤਗਰਦਾਂ ਨੂੰ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀ ਨੇ ਦੱਸਿਆ, ‘‘ਸਾਨੂੰ ਖ਼ੁਫ਼ੀਆ ਏਜੰਸੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੇ ਘੱਟੋ ਘੱਟ 20 ਦਹਿਸ਼ਤੀ ਸਿਖਲਾਈ ਕੈਂਪ ਤੇ 20 ਲਾਂਚ ਪੈਡ, ਜਿਨ੍ਹਾਂ ਵਿੱਚੋਂ ਹਰੇਕ ਵਿਚ 50 ਦਹਿਸ਼ਤਗਰਦ ਹਨ, ਸਰਗਰਮ ਕੀਤੇ ਹਨ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਐਤਵਾਰ ਨੂੰ ਪੁਣਛ ਦੌਰੇ ਦੌਰਾਨ ਦੱਸਿਆ ਸੀ ਕਿ ਸੂਬੇ ਵਿੱਚ 200 ਤੋਂ 300 ਤੱਕ ਦਹਿਸ਼ਤਗਰਦ ਸਰਗਰਮ ਹਨ ਤੇ ਪਾਕਿਸਤਾਨ ਵਲੋਂ ਗੋਲੀਬਾਰੀ ਵਧਾ ਦਿੱਤੀ ਗਈ ਹੈ।