ਅੰਬਾਲਾ ਤੋਂ ਕੁੰਡਲੀ ਬਾਰਡਰ ਤੱਕ High Tech ਕੈਮਰਿਆਂ ਨਾਲ ਸਰਕਾਰ ਕਰੇਗੀ ਸਖ਼ਤੀ
ਸਰਕਾਰਾਂ ਨੇ ਆਵਾਜਾਈ ਨਿਯਮ ਤੋੜਨ ਵਾਲਿਆਂ ਤੋਂ ਪਹਿਲਾਂ ਹੀ ਮੋਟਾ ਜ਼ੁਰਮਾਨਾ ਵਸੂਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਆਧੁਨਿਕ ਕੈਮਰਿਆਂ ਦੀ ਮਦਦ ਨਾਲ ਨਿਯਮਾਂ ਦੀ ਪਾਲਣਾ ਵਧੇਰੇ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ।
ਪਾਨੀਪਤ: ਸਰਕਾਰ ਨੇ ਕੌਮੀ ਸ਼ਾਹਰਾਹ ਨੰਬਰ 1 'ਤੇ ਆਧੁਨਿਕ ਕੈਮਰੇ ਲਾਉਣ ਦੀ ਵਿਉਂਤਬੰਦੀ ਕੀਤੀ ਹੈ। ਇਹ ਕੈਮਰੇ ਇੰਨੇ ਆਧੁਨਿਕ ਹੋਣਗੇ ਕਿ ਖ਼ੁਦ ਹੀ ਆਵਾਜਾਈ ਨੇਮ ਤੋੜਨ ਵਾਲਿਆਂ ਦੀ ਪਛਾਣ ਕਰਨਗੇ। ਇਹ ਕੈਮਰੇ ਅੰਬਾਲਾ ਤੋਂ ਲੈ ਕੇ ਪਾਨੀਪਤ ਤੱਕ ਲਾਏ ਜਾਣਗੇ।
ਪਾਨੀਪਤ ਦੇ ਡੀਸੀਪੀ ਸਤੀਸ਼ ਕੁਮਾਰ ਵਤਸ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਵੀ ਇਹ ਹਾਈਟੈਕ ਕੈਮਰੇ ਲਾਏ ਜਾਣੇ ਹਨ। ਇਸ ਕੰਮ ਲਈ ਪੁਲਿਸ ਨੇ ਚਾਰ ਥਾਵਾਂ ਦੀ ਚੋਣ ਕਰ ਸਰਕਾਰ ਨੂੰ ਸੂਚਨਾ ਭੇਜ ਦਿੱਤੀ ਹੈ। ਇਨ੍ਹਾਂ ਕੈਮਰਿਆਂ ਤੋਂ ਠੀਕ ਢੰਗ ਨਾਲ ਕੰਮ ਲੈਣ ਲਈ ਵਿਸ਼ੇਸ਼ ਕੰਟਰੋਲ ਰੂਮ ਵੀ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਨੀਪਤ ਵਿੱਚ ਪਿੰਡ ਗਾਂਜਬੜ, ਪੀਵੀਆਰ ਸਿਨੇਮਾ, ਝੱਟੀਪੁਰ ਪਿੰਡ ਅਤੇ ਸਮਾਲਖਾ ਖੰਡ ਦੇ ਪਿੰਡ ਪੱਟੀ ਕਲਿਆਣਾ ਕੋਲ ਲਾਏ ਜਾਣਗੇ।
ਇਨ੍ਹਾਂ ਕੈਮਰਿਆਂ ਸਬੰਧੀ ਸੋਸ਼ਲ ਮੀਡੀਆ 'ਤੇ ਵੀ ਪੋਸਟ ਵਾਇਰਲ ਹੋ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਸੀਪੀ ਪਾਨੀਪਤ ਨੇ ਦੱਸਿਆ ਕਿ ਅੰਬਾਲਾ ਤੋਂ ਲੈ ਕੇ ਕੁੰਡਲੀ ਬਾਰਡਰ ਤੱਕ ਇਹ ਕੈਮਰੇ ਲਾਏ ਜਾਣੇ ਹਨ। ਦੱਸਣਾ ਬਣਦਾ ਹੈ ਕਿ ਸਰਕਾਰਾਂ ਨੇ ਆਵਾਜਾਈ ਨਿਯਮ ਤੋੜਨ ਵਾਲਿਆਂ ਤੋਂ ਪਹਿਲਾਂ ਹੀ ਮੋਟਾ ਜ਼ੁਰਮਾਨਾ ਵਸੂਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਆਧੁਨਿਕ ਕੈਮਰਿਆਂ ਦੀ ਮਦਦ ਨਾਲ ਨਿਯਮਾਂ ਦੀ ਪਾਲਣਾ ਵਧੇਰੇ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ।