ਮੁੰਬਈ: ਮੁੰਬਈ ਵਿੱਚ ਇੰਨੀ ਬਾਰਸ਼ ਹੋ ਰਹੀ ਹੈ ਕਿ ਆਮ ਲੋਕ ਹੀ ਨਹੀਂ, ਬਲਕਿ ਜੀਵ-ਜੰਤੂ ਵੀ ਆਪਣੀ ਜਾਨ ਬਚਾਉਣ ਤੇ ਸੁਰੱਖਿਅਤ ਆਸਰੇ ਲਈ ਇੱਧਰ-ਉੱਧਰ ਭਟਕ ਰਹੇ ਹਨ। ਅਜਿਹੇ ਵਿੱਚ ਇੱਕ ਜ਼ਹਿਰੀਲਾ ਸੱਪ ਆਬਾਦੀ ਵਾਲੇ ਇਲਾਕੇ ਵਿੱਚ ਪਹੁੰਚਿਆ। ਇਸ ਜ਼ਹਿਰੀਲੇ ਤੇ ਬੇਹੱਦ ਖ਼ਤਰਨਾਕ ਸੱਪ ਰੈਟਲ ਵਾਈਵਰ ਨੇ ਇੱਕ ਘਰ ਅੰਦਰ ਵੜ ਕੇ ਮਾਂ-ਧੀ ਨੂੰ ਡੱਸ ਲਿਆ। ਇਸ ਦੇ ਬਾਅਦ ਜੋ ਹੋਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਮਾਇਆਨਗਰੀ ਮੁੰਬਈ ਦੇ ਧਾਰਾਵੀ ਬੱਸ ਅੱਡੇ ਨੇੜੇ ਸਥਿਤ ਮਹਾਰਾਸ਼ਟਰ ਨੇਚਰ ਪਾਰਕ ਕੋਲ ਆਬਾਦੀ ਵਾਲੇ ਇੱਕ ਇਲਾਕੇ ਵਿੱਚ 18 ਸਾਲ ਦੀ ਤੈਸ਼ੀਨ ਸਲੀਮ ਖ਼ਾਨ ਤੇ ਉਸ ਦੀ ਮਾਂ ਸੁਲਾਨਾ ਖ਼ਾਨ ਦੇ ਘਰ ਰੈਟਲ ਵਾਈਪਰ ਆ ਗਿਆ। ਇਹ ਇੱਕ ਫੁੱਟ ਲੰਮਾ ਸੀ। ਪਹਿਲਾਂ ਸੱਪ ਨੇ ਦਰਵਾਜ਼ੇ 'ਤੇ ਖੜੀ ਤੈਸ਼ੀਨ ਨੂੰ ਡੱਸਿਆ। ਉਸ ਦੀਆਂ ਚੀਕਾਂ ਸੁਣ ਕੇ ਮਾਂ ਸੁਲਤਾਨਾ ਨੱਠੀ ਆਈ ਤੇ ਉਸ ਦੀ ਮਦਦ ਕਰਨ ਲੱਗੀ।

ਹਸਪਤਾਲ ਵਿੱਚ ਇਲਾਜ ਦੌਰਾਨ ਤੈਸ਼ੀਨ ਤੇ ਸੁਲਤਾਨਾ

ਸੁਲਤਾਨਾ ਨੇ ਸੱਪ ਨੂੰ ਪੂਛ ਤੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਰੈਟਲ ਜਿੰਨਾ ਜ਼ਹਿਰੀਲਾ ਹੁੰਦਾ ਹੈ, ਓਨੀ ਹੀ ਤੇਜ਼ ਤੇ ਫੁਰਤੀਲਾ ਵੀ ਹੁੰਦਾ ਹੈ। ਪੂਛ ਤੋਂ ਫੜਨ ਦੌਰਾਨ ਰੈਟਲ ਨੇ ਸੁਲਤਾਨਾ ਨੂੰ ਵੀ ਡੱਸ ਲਿਆ। ਇਸ ਦੇ ਬਾਅਦ ਦੋਵੇਂ ਮਾਂ-ਧੀ ਬੇਹੱਦ ਖ਼ਤਰਨਾਕ ਸੱਪ ਨੂੰ ਲੈ ਕੇ ਖ਼ੁਦ ਹਸਪਤਾਲ ਪਹੁੰਚ ਗਈਆਂ। ਉਹ ਇਸ ਲਈ ਸੱਪ ਨੂੰ ਲੈ ਕੇ ਗਈਆਂ, ਕਿਉਂਕਿ ਉਹ ਜਾਣਨਾ ਚਾਹੁੰਦੀਆਂ ਸੀ ਕਿ ਸੱਪ ਆਖ਼ਰ ਕਿੰਨਾ ਖ਼ਤਰਨਾਕ ਹੈ, ਉਸ ਦੇ ਡੱਸਣ ਨਾਲ ਮੌਤ ਹੋ ਸਕਦੀ ਹੈ ਜਾਂ ਨਹੀਂ। ਉਹ ਸੱਪ ਨੂੰ ਹੱਥ ਵਿੱਚ ਲੈ ਕੇ ਹਸਪਤਾਲ ਪਹੁੰਚੀਆਂ। ਬਾਅਦ ਵਿੱਚ ਸੱਪ ਨੂੰ ਸ਼ੀਸ਼ੇ ਦੇ ਜਾਰ ਵਿੱਚ ਰੱਖਿਆ ਗਿਆ।

ਇਸ ਤੋਂ ਇਲਾਵਾ ਸੁਲਤਾਨਾ ਦਾ ਮੰਨਣਾ ਸੀ ਕਿ ਸੱਪ ਨੂੰ ਦੇਖਣ ਬਾਅਦ ਡਾਕਟਰਾਂ ਨੂੰ ਵੀ ਇਲਾਜ ਵਿੱਚ ਆਸਾਨੀ ਹੋ ਜਾਏਗੀ। ਹਸਪਤਾਲ ਪਹੁੰਚਣ ਬਾਅਦ ਡਾਕਟਰਾਂ ਨੇ ਤੁਰੰਤ ਦੋਵਾਂ ਨੂੰ ਐਂਟੀਬਾਇਓਟਿਕ ਦਿੱਤੇ। ਇਸ ਦੇ ਨਾਲ ਹੀ ਹਸਪਤਾਲ ਪ੍ਰਬੰਧਣ ਨੇ ਸੱਪ ਫੜਨ ਵਾਲੀ ਟੀਮ ਨੂੰ ਵੀ ਸੱਪ ਬਾਰੇ ਜਾਣਕਾਰੀ ਦਿੱਤੀ। ਇਸ ਦੇ ਬਾਅਦ ਸੱਪ ਦੇ ਮਾਹਰਾਂ ਨੇ ਹਸਪਤਾਲ ਦੇ ਡਾਕਟਰਾਂ ਨੂੰ ਸੱਪ ਤੇ ਉਸ ਦੇ ਜ਼ਹਿਰ ਬਾਰੇ ਦੱਸਿਆ। ਉਸ ਦੇ ਆਧਾਰ 'ਤੇ ਡਾਕਟਰਾਂ ਨੇ ਤੁਰੰਤ ਮਾਂ-ਧੀ ਦਾ ਇਲਾਜ ਕੀਤਾ। ਦੋਵੇਂ ਜਣੀਆਂ ਖ਼ਤਰੇ ਤੋਂ ਬਾਹਰ ਹਨ।