ਵੱਡੇ ਐਕਸ਼ਨ ਦੀ ਤਿਆਰੀ 'ਚ ਗ੍ਰਹਿ ਮੰਤਰਾਲਾ, ਅਗਲੇ ਕੁਝ ਘੰਟੇ ਕਿਸਾਨ ਲੀਡਰਾਂ ਲਈ ਅਹਿਮ
ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲਿਆਂ ਖਿਲਾਫ ਗ੍ਰਹਿ ਮੰਤਰਾਲਾ ਸਖਤ ਕਾਨੂੰਨੀ ਕਾਰਵਾਈ ਦਾ ਵਿਚਾਰ ਕਰ ਰਿਹਾ ਹੈ। ਇਸ ਲਈ ਗ੍ਰਹਿ ਮੰਤਰਾਲਾ ਕਾਨੂੰਨ ਮੰਤਰਾਲੇ ਦੀ ਮਦਦ ਲੈ ਰਿਹਾ ਹੈ।
ਨਵੀਂ ਦਿੱਲੀ: ਗਣਤੰਤਰ ਦਿਵਸ 'ਤੇ ਦਿੱਲੀ 'ਚ ਹੋਈ ਹਿੰਸਾ ਮਾਮਲੇ 'ਚ ਗ੍ਰਹਿ ਮੰਤਰਾਲਾ ਸਖਤੀ 'ਚ ਹੈ। ਬੁੱਧਵਾਰ ਇਕ ਵਾਰ ਫਿਰ ਇਸ ਮਾਮਲੇ 'ਚ ਗ੍ਰਹਿ ਸਕੱਤਰ ਦੀ ਅਗਵਾਈ 'ਚ ਬੈਠਕ ਕੀਤੀ ਗਈ। ਬੈਠਕ 'ਚ ਗ੍ਰਹਿ ਸਕੱਤਰ, ਕਾਨੂੰਨ ਮੰਤਰਾਲੇ ਦੇ ਸਕੱਤਰ, ਐਡੀਸ਼ਨਲ ਸੈਕਟਰੀ, ਖੁਫੀਆ ਵਿਭਾਗ ਦੇ ਅਧਿਕਾਰੀ ਮੌਜੂਦ ਹਨ।
ਸੂਤਰਾਂ ਮੁਤਾਬਕ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲਿਆਂ ਖਿਲਾਫ ਗ੍ਰਹਿ ਮੰਤਰਾਲਾ ਸਖਤ ਕਾਨੂੰਨੀ ਕਾਰਵਾਈ ਦਾ ਵਿਚਾਰ ਕਰ ਰਿਹਾ ਹੈ। ਇਸ ਲਈ ਗ੍ਰਹਿ ਮੰਤਰਾਲਾ ਕਾਨੂੰਨ ਮੰਤਰਾਲੇ ਦੀ ਮਦਦ ਲੈ ਰਿਹਾ ਹੈ।
ਦਿੱਲੀ ਪੁਲਿਸ ਕਮਿਸ਼ਨਰ ਨੇ ਇਸ ਮਾਮਲੇ 'ਚ ਸੀਸੀਟੀਵੀ ਜ਼ਰੀਏ ਸ਼ਰਾਰਤੀ ਅਨਸਰਾਂ ਦੀ ਪਛਾਣ ਦੇ ਨਿਰਦੇਸ਼ ਦਿੱਤੇ ਹਨ। ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਕੱਲ੍ਹ ਹੋਈ ਹਿੰਸਾ ਨੂੰ ਲੈਕੇ ਹੁਣ ਤਕ ਕੁੱਲ 22 ਕੇਸ ਦਰਜ ਹੋਏ ਹਨ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਦਰਜ ਐਫਆਈਆਰ 'ਚ ਕਈ ਕਿਸਾਨ ਲੀਡਰਾਂ ਦੇ ਨਾਂਅ ਹਨ।
ਦਿੱਲੀ ਕ੍ਰਾਇਮ ਬ੍ਰਾਂਚ, ਸਪੈਸ਼ਲ ਸੈਲ ਤੋਂ ਵੀ ਮਾਮਲੇ ਦੀ ਜਾਂਚ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਲਿਸ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੀ ਜਾਂਚ IB ਕੇਂਦਰੀ ਏਜੰਸੀਆਂ ਦੀ ਮਦਦ ਲੈ ਰਹੀ ਹੈ।