ਚੰਡੀਗੜ੍ਹ: ਦੋ ਸਾਧਵੀਆਂ ਨਾਲ ਬਲਾਤਕਾਰ ਦੇ ਇਲਜ਼ਾਮ ਹੇਠ 20 ਸਾਲ ਦੀ ਕੈਦ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ। ਕੁਝ ਹੀ ਦੇਰ ਵਿੱਚ ਉਸ ਵਿਰੁੱਧ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਫੈਸਲਾ ਸੁਣਾਉਣਾ ਹੈ। ਰਾਮਚੰਦਰ ਛੱਤਰਪਤੀ ਸਿਰਸਾ ਤੋਂ 'ਪੂਰਾ ਸੱਚ' ਨਾਂ ਦਾ ਅਖ਼ਬਾਰ ਕੱਢਦੇ ਸਨ ਤੇ ਆਪਣੇ ਅਖ਼ਬਾਰ ਰਾਹੀਂ ਹੀ ਉਨ੍ਹਾਂ ਰਾਮ ਰਹੀਮ ਦਾ ਉਹ ਕਾਲਾ ਸੱਚ ਦੁਨੀਆ ਸਾਹਮਣੇ ਲਿਆਂਦਾ ਸੀ, ਜਿਸ ਬਦਲੇ ਉਹ ਅੱਜ ਜੇਲ੍ਹ ਵਿੱਚ ਹੈ।
ਰਾਮਚੰਦਰ ਹੀ ਉਹ ਪੱਤਰਕਾਰ ਸਨ ਜਿਨ੍ਹਾਂ ਉਨ੍ਹਾਂ ਦੋ ਸਾਧਵੀਆਂ ਵੱਲੋਂ ਲਿਖੀ ਚਿੱਠੀ ਆਪਣੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਕੀਤੀ ਸੀ, ਜਿਸ ਦੇ ਆਧਾਰ 'ਤੇ ਡੇਰਾ ਮੁਖੀ ਵਿਰੁੱਧ ਬਲਾਤਕਾਰ ਦਾ ਮਾਮਲਾ ਚੱਲਿਆ ਤੇ ਉਸ ਨੂੰ ਸਜ਼ਾ ਵੀ ਹੋਈ। ਖ਼ਬਰ ਛਪਣ ਮਗਰੋਂ ਗੁਰਮੀਤ ਰਾਮ ਰਹੀਮ ਦੇ ਗੁੰਡੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਸਨ, ਪਰ ਛੱਤਰਪਤੀ ਬਗ਼ੈਰ ਡਰੇ ਡੇਰਾ ਮੁਖੀ ਵਿਰੁੱਧ ਖ਼ਬਰਾਂ ਲਾਉਂਦੇ ਰਹੇ।
ਧਮਕੀਆਂ ਦਰਮਿਆਨ 24 ਅਕਤੂਬਰ, 2002 ਨੂੰ ਦੋ ਵਿਅਕਤੀਆਂ ਨੇ ਛੱਤਰਪਤੀ ਉੱਪਰ ਹਮਲਾ ਕਰ ਦਿੱਤਾ ਸੀ। ਪੱਤਰਕਾਰ ਦੀ ਹੱਤਿਆ ਦਾ ਇਲਜ਼ਾਮ ਡੇਰਾ ਮੁਖੀ 'ਤੇ ਵੀ ਲੱਗਿਆ। ਆਪਣੇ ਪਿਤਾ ਦੇ ਕਤਲ ਦੇ ਇਨਸਾਫ਼ ਦੀ ਆਸ ਵਿੱਚ ਅੰਸ਼ੁਲ ਛੱਤਰਪਤੀ ਨੇ 'ਏਬੀਪੀ ਨਿਊਜ਼' ਨੂੰ ਪੂਰੀ ਕਹਾਣੀ ਦੱਸੀ।
ਅੰਸ਼ੁਲ ਨੇ ਦੱਸਿਆ ਕਿ ਰਾਮ ਰਹੀਮ ਦੇ ਸਿਆਸੀ ਅਸਰ ਰਸੂਖ ਕਰਕੇ ਪੁਲਿਸ ਉਸ ਵਿਰੁੱਧ ਕਾਰਵਾਈ ਨਹੀਂ ਸੀ ਕਰ ਰਹੀ ਤੇ ਨਿਆਂ ਲਈ ਉਨ੍ਹਾਂ ਦਰ-ਦਰ ਭਟਕਣਾ ਵੀ ਪਿਆ। ਉਸ ਨੇ ਦੱਸਿਆ ਕਿ ਸਾਲ 2001 ਦੌਰਾਨ ਰਾਮਚੰਦਰ ਛੱਤਰਪਤੀ ਨੇ ਡੇਰਾ ਸਿਰਸਾ ਵਿਰੁੱਧ ਸ਼ਰਧਾਲੂਆਂ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਖ਼ਬਰਾਂ ਛਾਪੀਆਂ ਸਨ। ਡੇਰੇ ਵਿਰੁੱਧ ਆਵਾਜ਼ ਚੁੱਕਣ 'ਤੇ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਛੱਤਰਪਤੀ ਨੂੰ ਉਨ੍ਹਾਂ ਸਾਧਵੀਆਂ ਦੀ ਚਿੱਠੀ ਮਿਲੀ ਜਿਸ ਵਿੱਚ ਗੁਰਮੀਤ ਰਾਮ ਰਹੀਮ ਵਿਰੁੱਧ ਬਲਾਤਕਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੱਤਰਪਤੀ ਨੇ ਇਸ ਨੂੰ ਅਖ਼ਬਾਰ ਵਿੱਚ ਛਾਪਿਆ।
ਇਸ ਤੋਂ ਬਾਅਦ ਛੱਤਰਪਤੀ ਨੂੰ ਕਾਫੀ ਧਮਕੀਆਂ ਮਿਲਣ ਲੱਗੀਆਂ। 24 ਅਕਤੂਬਰ, 2002 ਨੂੰ ਛੱਤਰਪਤੀ 'ਤੇ ਗੋਲ਼ੀਆਂ ਚਲਾਈਆਂ ਗਈਆਂ ਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਸਥਾਨਕ ਹਸਪਤਾਲ ਤੋਂ ਆਰਾਮ ਨਾ ਮਿਲਦਾ ਵੇਖ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਲਿਜਾਂਦਾ ਗਿਆ, ਜਿੱਥੇ ਛੱਤਰਪਤੀ ਦੀ ਮੌਤ ਹੋ ਗਈ। ਪਰਿਵਾਰ ਨੇ ਰਾਮ ਰਹੀਮ ਵਿਰੁੱਧ ਮਾਮਲਾ ਦਰਜ ਕਰਵਾਇਆ ਪਰ ਪੁਲਿਸ ਨੇ ਖ਼ਾਸ ਕਾਰਵਾਈ ਨਹੀਂ ਕੀਤੀ।
ਅੰਸ਼ੁਲ ਨੇ ਦੱਸਿਆ ਕਿ ਨਵੰਬਰ 2003 ਨੂੰ ਉਸ ਦੇ ਪਿਤਾ ਦੀ ਮੌਤ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ ਤੇ ਕੇਂਦਰੀ ਜਾਂਚ ਏਜੰਸੀ ਨੇ ਸਾਲ 2007 ਨੂੰ ਰਾਮ ਰਹੀਮ ਨੂੰ ਕਤਲ ਦੀ ਸਾਜ਼ਿਸ਼ ਰਚਣ ਦਾ ਮੁਲਜ਼ਮ ਮੰਨ ਲਿਆ ਸੀ। ਹੁਣ ਇਸ ਮਾਮਲੇ ਵਿੱਚ ਰਾਮ ਅਦਾਲਤ ਨੇ ਸੁਣਵਾਈ ਪੂਰੀ ਕਰ ਲਈ ਹੈ ਤੇ 17 ਸਾਲ ਪੁਰਾਣੇ ਇਸ ਕਤਲ ਕੇਸ ਦਾ ਫੈਸਲਾ ਅੱਜ ਸੁਣਾਇਆ ਜਾਵੇਗਾ। ਇਸ ਤੋਂ ਇਲਾਵਾ ਰਾਮ ਰਹੀਮ ਵਿਰੁੱਧ ਆਪਣੇ ਡੇਰੇ ਦੇ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦਾ ਕੇਸ ਵੀ ਚੱਲ ਰਿਹਾ ਹੈ।
ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 10-10 ਸਾਲ ਦੀ ਵੱਖ-ਵੱਖ ਯਾਨੀ ਕਿ ਕੁੱਲ 20 ਸਾਲ ਦੀ ਕੈਦ ਮਿਲੀ ਹੈ। 25 ਅਗਸਤ 2017 ਨੂੰ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਮਗਰੋਂ ਵੱਡੇ ਪੱਧਰ 'ਤੇ ਹਿੰਸਾ ਭੜਕ ਗਈ ਸੀ। ਇਸ ਦੌਰਾਨ ਫ਼ੌਜੀ ਤੇ ਪੁਲਿਸ ਕਾਰਵਾਈ ਵੀ ਹੋਈ ਜਿਸ ਵਿੱਚ 43 ਲੋਕਾਂ ਦੀ ਮੌਤ ਹੋ ਗਈ ਸੀ।