ਹੈਰਾਨ ਕਰ ਦੇਵੇਗਾ ਪੈਟਰੋਲ ਕੀਮਤਾਂ 'ਚ ਵਾਧੇ ਸੱਚ ! ਕਰੂਡ ਸਸਤਾ ਹੋਣ ਦੇ ਬਾਵਜੂਦ ਇੰਝ ਵਧ ਰਿਹਾ ਭਾਅ
2018 ’ਚ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਸੀ, ਤਦ ਗਾਹਕ ਨੂੰ ਇੱਕ ਲਿਟਰ ਪੈਟਰੋਲ ਲਈ 84 ਰੁਪਏ ਦੇਣੇ ਪੈ ਰਹੇ ਸਨ।
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ 11ਵੇਂ ਦਿਨ ਵਾਧੇ ਦੇ ਚੱਲਦਿਆਂ ਰਾਜਸਥਾਨ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਕਈ ਥਾਵਾਂ ’ਤੇ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਦਾ ਪੱਧਰ ਪਾਰ ਕਰ ਗਈ ਹੈ। ਅੱਜ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 31 ਪੈਸੇ ਤੇ ਡੀਜ਼ਲ ਦੀ ਕੀਮਤ ਵਿੱਚ 33 ਪੈਸੇ ਦਾ ਵਾਧਾ ਹੋਇਆ ਹੈ। ਇਸ ਮਹੀਨੇ ਤੇਲ ਕੀਮਤਾਂ ਵਿੱਚ ਹੋਇਆ ਇਹ 13ਵਾਂ ਵਾਧਾ ਹੈ।
ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੱਚਾ ਤੇਲ ਬ੍ਰੈਂਟ ਕਰੂਡ 65 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ ਪਰ ਵੱਡੀ ਗੱਲ ਇਹ ਹੈ ਕਿ ਸਾਲ 2013 ’ਚ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਸੀ, ਤਦ ਪੈਟਰੋਲ ਦੀ ਕੀਮਤ ਲਗਭਗ 76 ਰੁਪਏ ਪ੍ਰਤੀ ਲਿਟਰ ਸੀ; ਜਦਕਿ ਅੱਜ ਕੱਚੇ ਤੇਲ ਦੀ ਕੀਮਤ ਲਗਪਗ ਅੱਧੀ ਹੋਣ ਦੇ ਬਾਵਜੂਦ ਤੇਲ ਕੀਮਤਾਂ ਵਧ ਰਹੀਆਂ ਹਨ।
2018 ’ਚ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਸੀ, ਤਦ ਗਾਹਕ ਨੂੰ ਇੱਕ ਲਿਟਰ ਪੈਟਰੋਲ ਲਈ 84 ਰੁਪਏ ਦੇਣੇ ਪੈ ਰਹੇ ਸਨ। ਆਖ਼ਰ ਕੱਚੇ ਤੇਲ ਦੀ ਕੀਮਤ ਘਟਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਮਹਿੰਗੇ ਕਿਉਂ ਹੁੰਦੇ ਜਾ ਰਹੇ ਹਨ। ਦਰਅਸਲ, ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਤੇਜ਼ੀ ਦਾ ਕਾਰਨ ਟੈਕਸ ਹੈ। ਇਸ ਵੇਲੇ ਕੇਂਦਰ ਤੇ ਰਾਜ ਸਰਕਾਰਾਂ ਇੱਕ ਲਿਟਰ ਪੈਟਰੋਲ ਉੱਤੇ 168 ਫ਼ੀਸਦੀ ਟੈਕਸ ਵਸੂਲ ਕਰ ਰਹੀਆਂ ਹਨ।
ਦਿੱਲੀ ’ਚ ਇੱਕ ਲਿਟਰ ਪੈਟਰੋਲ ਦੀ ਆਧਾਰ ਕੀਮਤ 31 ਰੁਪਏ 82 ਪੈਸੇ ਹੈ। ਇਸ ਉੱਤੇ ਢੋਆ-ਢੁਆਈ ਦਾ ਖ਼ਰਚਾ 28 ਪੈਸੇ ਲੱਗਦਾ ਹੈ। ਫਿਰ ਇਹ ਡੀਲਰ ਕੋਲ 32 ਰੁਪਏ 10 ਪੈਸੇ ’ਚ ਪੁੱਜਦਾ ਹੈ। ਇਸ ਉੱਤੇ 32.90 ਰੁਪਏ ਐਕਸਾਈਜ਼ ਡਿਊਟੀ ਲੱਗਦੀ ਹੈ, ਜੋ ਕੇਂਦਰ ਸਰਕਾਰ ਦੇ ਖਾਤੇ ਜਾਂਦੀ ਹੈ। ਫਿਰ 3.68 ਰੁਪਏ ਡੀਲਰ ਦਾ ਕਮਿਸ਼ਨ ਲੱਗਦਾ ਹੈ ਤੇ 20 ਰੁਪਏ 61 ਪੈਸੇ ‘ਵੈਟ’ ਲੱਗਦਾ ਹੈ, ਇੰਝ ਪੈਟਰੋਲ ਦੀ ਕੀਮਤ 89.29 ਰੁਪਏ ਹੋ ਜਾਂਦਾ ਹੈ।