ਰਮਨਦੀਪ ਕੌਰ ਦੀ ਵਿਸ਼ੇਸ਼ ਰਿਪੋਰਟ


ਚੰਡੀਗੜ੍ਹ: ਪਤੀ ਪਤਨੀ 'ਚ ਕਈ ਵਾਰ ਮਾਮੂਲੀ ਗੱਲ ਤੋਂ ਤਕਰਾਰ ਵਧ ਜਾਂਦੀ ਹੈ। ਕਈ ਵਾਰ ਨੌਬਤ ਤਲਾਕ ਤਕ ਪਹੁੰਚ ਜਾਂਦੀ ਹੈ। ਵੈਸੇ ਤਾਂ ਜੇਕਰ ਕਦੇ ਪਤੀ ਪਤਨੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਅਸਹਿਮਤੀ ਹੋ ਜਾਂਦੀ ਹੈ ਜਾਂ ਤਕਰਾਰ ਵਧਦਾ ਹੈ ਤਾਂ ਸਮਝਦਾਰੀ ਇਸ ਗੱਲ ਵਿੱਚ ਹੀ ਹੈ ਕਿ ਆਪਸ 'ਚ ਮਿਲ ਬਹਿ ਕੇ ਮਸਲਾ ਸੁਲਝਾ ਲਿਆ ਜਾਵੇ। ਰਿਸ਼ਤੇ ਤੋੜਨੇ ਸੋਖੇ ਨੇ ਜੋੜਨੇ ਬਹੁਤ ਔਖੇ ਪਰ ਫਿਰ ਵੀ ਜੇਕਰ ਮਾਮਲਾ ਨਾ ਸੁਲਝੇ ਤਾਂ ਇੱਕ ਦੂਜੇ ਤੋਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਤਲਾਕ ਹੈ।


ਭਾਰਤ 'ਚ ਤਲਾਕ ਦੋ ਤਰ੍ਹਾਂ ਨਾਲ ਲਿਆ ਜਾਂਦਾ ਹੈ। ਪਹਿਲਾ ਆਪਸੀ ਸਹਿਮਤੀ ਨਾਲ ਤੇ ਦੂਜਾ ਤਰੀਕਾ ਪਤੀ ਜਾਂ ਪਤਨੀ 'ਚੋਂ ਸਿਰਫ਼ ਇੱਕ ਜਣਾ ਤਲਾਕ ਲੈਣਾ ਚਾਹੁੰਦਾ ਹੈ ਦੂਜਾ ਨਹੀਂ। ਆਪਸੀ ਸਹਿਮਤੀ ਨਾਲ ਤਲਾਕ ਲੈਣਾ ਬਹੁਤ ਆਸਾਨ ਹੈ। ਤਲਾਕ ਦੀ ਗੱਲ ਆਉਂਦਿਆਂ ਹੀ ਗੁਜ਼ਾਰਾ ਭੱਤਾ ਤੇ ਚਾਇਲਡ ਕਸਟਡੀ ਦੀ ਗੱਲ ਆਉਂਦੀ ਹੈ। ਗੁਜਾਰਾ ਭੱਤੇ ਦੀ ਲਿਮਟ ਫਿਕਸ ਨਹੀਂ ਹੁੰਦੀ। ਇਸ ਮਾਮਲੇ 'ਚ ਕੋਰਟ ਪਤੀ ਦੀ ਆਰਥਿਕ ਹਾਲਤ ਨੂੰ ਦੇਖ ਕੇ ਗੁਜ਼ਾਰਾ ਭੱਤੇ ਦਾ ਫੈਸਲਾ ਕਰਦੀ ਹੈ।


ਚਾਇਲਡ ਕਸਟਡੀ ਤਲਾਕ 'ਚ ਬਹੁਤ ਵੱਡਾ ਪੇਚ ਸਾਬਤ ਹੁੰਦਾ ਹੈ। ਤਲਾਕ ਤੋਂ ਬਾਅਦ ਜੇਕਰ ਪਤੀ ਪਤਨੀ ਦੀ ਸਹਿਮਤੀ ਹੈ ਤਾਂ ਦੋਵੇਂ ਹੀ ਬੱਚੇ ਦੀ ਦੇਖਭਾਲ ਕਰ ਸਕਦੇ ਹਨ। ਭਾਰਤ 'ਚ ਇਹ ਕਾਨੂੰਨ ਹੈ ਜੇਕਰ ਬੱਚਾ ਸੱਤ ਸਾਲ ਤੋਂ ਘੱਟ ਉਮਰ ਦਾ ਹੈ ਤਾਂ ਮਾਂ ਨੂੰ ਸੌਂਪਿਆ ਜਾਂਦਾ ਹੈ। ਜੇਕਰ ਉਮਰ ਸੱਤ ਸਾਲ ਤੋਂ ਵੱਧ ਹੈ ਤਾਂ ਪਿਤਾ ਨੂੰ ਸੌਂਪਿਆ ਜਾਂਦਾ ਹੈ। ਜੇਕਰ ਪਿਤਾ ਕੋਰਟ 'ਚ ਇਹ ਸਾਬਤ ਕਰ ਦੇਵੇ ਕਿ ਉਹ ਮਾਂ ਤੋਂ ਜ਼ਿਆਦਾ ਚੰਗੀ ਦੇਖਭਾਲ ਕਰ ਸਕਦਾ ਹੈ ਤਾਂ ਕੋਰਟ ਸੱਤ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਦੀ ਕਸਟਡੀ ਵੀ ਮਾਂ ਨੂੰ ਸੌਂਪ ਦਿੰਦੀ ਹੈ।


ਆਪਸੀ ਸਹਿਮਤੀ ਨਾਲ ਤਲਾਕ:


ਜੇਕਰ ਪਤੀ ਪਤਨੀ ਆਪਸੀ ਸਹਿਮਤੀ ਨਾਲ ਤਲਾਕ ਲੈਣਾ ਚਾਹੁੰਦੇ ਹਨ ਤਾਂ ਇਸ ਲਈ ਸ਼ਰਤ ਹੈ ਕਿ ਦੋਵੇਂ ਇੱਕ ਸਾਲ ਤੋਂ ਵੱਖ ਰਹਿ ਰਹੇ ਹੋਣ। ਇਸ ਤੋਂ ਇਲਾਵਾ ਦੋਵਾਂ ਨੂੰ ਕੋਰਟ 'ਚ ਪੀਆਈਐਲ ਦਾਖ਼ਲ ਕਰਨੀ ਪਵੇਗੀ ਕਿ ਅਸੀਂ ਆਪਸੀ ਸਹਿਮਤੀ ਨਾਲ ਤਲਾਕ ਲੈਣਾ ਚਾਹੁੰਦੇ ਹਾਂ। ਕੋਰਟ 'ਚ ਦੋਵਾਂ ਦੇ ਬਿਆਨ ਦਰਜ ਹੁੰਦੇ ਹਨ ਤੇ ਦਸਤਖ਼ਤ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਕੋਰਟ ਦੋਵਾਂ ਨੂੰ ਰਿਸ਼ਤਾ ਬਚਾਉਣ ਨੂੰ ਲੈ ਕੇ ਸੋਚ ਵਿਚਾਰ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੰਦੀ ਹੈ। ਜੇਕਰ ਇਸ ਸਮੇਂ ਦੌਰਾਨ ਵੀ ਦੋਵਾਂ 'ਚ ਸਹਿਮਤੀ ਨਹੀਂ ਬਣਦੀ ਤਾਂ ਕੋਰਟ ਆਪਣਾ ਫੈਸਲਾ ਸੁਣਾ ਦਿੰਦੀ ਹੈ।


ਪਤੀ-ਪਤਨੀ 'ਚੋਂ ਇੱਕ ਜਣਾ ਤਲਾਕ ਦਾ ਇਛੁੱਕ:


ਜਦੋਂ ਦੋਵਾਂ 'ਚੋਂ ਇਕ ਤਲਾਕ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਤਲਾਕ ਕਿਉਂ ਲੈਣਾ ਚਾਹੁੰਦਾ ਹੈ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਸਰੀਰਕ, ਮਾਨਸਿਕ ਤਸ਼ੱਦਦ, ਧੋਖਾ ਦੇਣਾ, ਸਾਥੀ ਵੱਲੋਂ ਛੱਡ ਦੇਣਾ, ਸਾਥੀ ਦੀ ਦਿਮਾਗੀ ਹਾਲਤ ਠੀਕ ਨਾ ਹੋਣਾ ਤੇ ਨਿਪੁੰਸਕਤਾ ਜਿਹੇ ਗੰਭੀਰ ਮਾਮਲੇ ਤਹਿਤ ਹੀ ਤਲਾਕ ਦੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਇਨ੍ਹਾਂ 'ਚੋਂ ਜੋ ਵੀ ਕਾਰਨ ਹੋਵੇਗਾ, ਉਸ ਨੂੰ ਕੋਰਟ 'ਚ ਸਾਬਤ ਕਰਨਾ ਪਵੇਗਾ।


ਕੇਸ ਲੜ ਕੇ ਕਿਵੇਂ ਲਈਏ ਤਲਾਕ:


ਜਿਸ ਆਧਾਰ 'ਤੇ ਵੀ ਕੋਈ ਤਲਾਕ ਲੈਣਾ ਚਾਹੁੰਦਾ ਹੈ, ਉਸ ਦੇ ਪੁਖ਼ਤਾ ਸਬੂਤ ਹੋਣੇ ਜ਼ਰੂਰੀ ਹਨ। ਕੋਰਟ 'ਚ ਅਰਜ਼ੀ ਦਾਖ਼ਲ ਕਰਕੇ ਇਹ ਸਬੂਤ ਲਾਉਣੇ ਬਹੁਤ ਜ਼ਰੂਰੀ ਹਨ। ਅਰਜ਼ੀ ਤੋਂ ਬਾਅਦ ਕੋਰਟ ਦੂਜੇ ਸਾਥੀ ਨੂੰ ਨੋਟਿਸ ਭੇਜੇਗੀ। ਨੋਟਿਸ ਤੋਂ ਬਾਅਦ ਜੇਕਰ ਦੂਜਾ ਸਾਥੀ ਕੋਰਟ ਨਹੀਂ ਆਉਂਦਾ ਤਾਂ ਤਲਾਕ ਲੈਣ ਵਾਲੇ ਨੂੰ ਕਾਗਜ਼ਾਂ ਦੇ ਹਿਸਾਬ ਨਾਲ ਉਸ ਦੇ ਹੱਕ 'ਚ ਫੈਸਲਾ ਦਿੱਤਾ ਜਾਂਦਾ ਹੈ।


ਜੇਕਰ ਨੋਟਿਸ ਤੋਂ ਬਾਅਦ ਦੂਜਾ ਸਾਥੀ ਕੋਰਟ ਪਹੁੰਚਦਾ ਹੈ ਤਾਂ ਦੋਵਾਂ ਦੀ ਸੁਣਵਾਈ ਹੁੰਦੀ ਹੈ ਤੇ ਇਹ ਕੋਸ਼ਿਸ਼ ਹੁੰਦੀ ਹੈ ਕਿ ਮਾਮਲਾ ਗੱਲਬਾਤ ਨਾਲ ਸੁਲਝ ਜਾਵੇ। ਜੇਕਰ ਗੱਲਬਾਤ ਨਾਲ ਵੀ ਮਾਮਲਾ ਨਹੀਂ ਸੁਲਝਦਾ ਤਾਂ ਕੇਸ ਕਰਨ ਵਾਲਾ ਸਾਥੀ ਦੂਜੇ ਸਾਥੀ ਖ਼ਿਲਾਫ਼ ਕੋਰਟ 'ਚ ਪਟੀਸ਼ਨ ਦਾਖਲ ਕਰਦਾ ਹੈ। ਲਿਖਤੀ ਬਿਆਨ 30 ਤੋਂ 90 ਦਿਨਾਂ ਅੰਦਰ ਹੋਣੇ ਚਾਹੀਦੇ ਹਨ।


ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ



ਬਿਆਨ ਤੋਂ ਬਾਅਦ ਕੋਰਟ ਅੱਗੇ ਪ੍ਰਕਿਰਿਆ 'ਤੇ ਵਿਚਾਰ ਕਰਦੀ ਹੈ। ਇਸ ਤੋਂ ਬਾਅਦ ਕੋਰਟ ਦੋਵਾਂ ਪੱਖਾਂ ਦੀ ਸੁਣਵਾਈ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਸਬੂਤਾਂ 'ਤੇ ਦਸਤਾਵੇਜ਼ਾਂ ਨੂੰ ਮੁੜ ਤੋਂ ਦੇਖਣ ਬਾਅਦ ਆਪਣਾ ਫੈਸਲਾ ਸੁਣਾਉਂਦੀ ਹੈ ਤੇ ਇਹ ਕਾਫੀ ਲੰਬੀ ਪ੍ਰਕਿਰਿਆ ਹੈ।


ਤਲਾਕ ਲਈ ਆਧਾਰ ਹੋਣਾ ਜ਼ਰੂਰੀ ਹੈ:


ਸਾਡੇ ਦੇਸ਼ 'ਚ ਪਤੀ ਪਤਨੀ ਦੇ ਰਿਸ਼ਤਿਆਂ 'ਚ ਤਕਰਾਰ ਦੀ ਵਜ੍ਹਾ ਨਾਲ ਤਲਾਕ ਦਾ ਨਿਯਮ ਨਹੀਂ। ਤਲਾਕ ਲਈ ਦੋਵਾਂ ਦਾ ਆਪਸੀ ਸਹਿਮਤੀ ਨਾਲ ਬਿਨੈ ਕਰਨਾ ਜ਼ਰੂਰੀ ਹੈ। ਹਿੰਦੂ ਮੈਰਿਜ ਐਕਟ 'ਚ ਜੋ ਆਧਾਰ ਦਿੱਤੇ ਗਏ ਹਨ, ਉਨ੍ਹਾਂ 'ਚੋਂ ਕਿਸੇ ਇੱਕ ਨੂੰ ਸਾਬਤ ਕਰਕੇ ਤਲਾਕ ਲਈ ਅਪਲਾਈ ਕਰ ਸਕਦੇ ਹਨ। ਫਿਲਹਾਲ ਸੰਸਦ 'ਚ ਇੱਕ ਬਿੱਲ ਪੈਂਡਿੰਗ ਹੈ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਪਤੀ ਪਤਨੀ ਨੂੰ ਤਲਾਕ ਲੈਣ ਲਈ ਕਿਸੇ ਆਧਾਰ ਦੀ ਲੋੜ ਨਹੀਂ ਪਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ