ਪੰਜਾਬ: ਹਰਿਆਣਾ ਦੇ ਪਸ਼ੂ-ਪਾਲਣ ਵਿਭਾਗ ਦੀ ਮਹਿਲਾ IAS ਅਫ਼ਸਰ ਨੇ ਆਪਣੇ ਹੀ ਵਿਭਾਗ ਦੇ ਸੀਨੀਅਰ IAS ਅਫ਼ਸਰ ਤੇ ਉਸ ਦੇ ਸਾਥੀਆਂ ’ਤੇ ਜਿਣਸੀ ਸੋਸ਼ਣ ਦਾ ਗੰਭੀਰ ਇਲਜ਼ਾਮ ਲਾਇਆ ਹੈ। ਮਹਿਲਾ IAS ਅਧਿਕਾਰੀ ਨੇ ਸੀਨੀਅਰ ਅਧਿਕਾਰੀ ਦੇ ਦਫ਼ਤਰ ਦੀ ਸੀਸੀਟੀਵੀ ਫੁਟੇਜ ਖੰਘਾਲੇ ਜਾਣ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਲਈ ਸੁਰੱਖਿਆ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਮਹਿਲਾ IAS ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੇ ਸੀਨੀਅਰ ਅਧਿਕਾਰੀ ਤੇ ਉਸ ਦੇ ਸਾਥੀਆਂ ਨੇ ਉਸ ਨਾਲ ਜਿਣਸੀ ਸੋਸ਼ਣ ਕੀਤਾ। ਉਸ ਦੇ ਬਿਆਨ ਮੁਤਾਬਕ ਪਹਿਲਾਂ ਸੀਨੀਅਰ ਅਧਿਕਾਰੀ ਨੇ 22 ਮਈ, 2018 ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਤੇ ਪੁੱਛਿਆ ਕਿ ਉਸ ਦਾ ਮੋਬਾਈਲ ਫੋਨ ਕਿੱਥੇ ਹੈ ਜੋ ਮਹਿਲਾ IAS ਦੇ ਬੈਗ ਵਿੱਚ ਹੀ ਪਿਆ ਸੀ।

ਇਸ ਪਿੱਛੋਂ ਅਧਿਕਾਰੀ ਨੇ ਉਸ ਦੀਆਂ ਸਾਰੀਆਂ ਫ਼ਾਈਲਾਂ ਰੱਦ ਕਰਨ ਸਬੰਧੀ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਹ ਸਮਝ ਲਏ ਤਾਂ ਚੰਗਾ ਹੈ ਨਹੀਂ ਤਾਂ ਉਸ ਨੂੰ ਨੌਕਰੀ ਵਿੱਚ ਪ੍ਰੇਸ਼ਾਨੀ ਆਏਗੀ। ਅਧਿਕਾਰੀ ਨੇ ਉਸ ਦੀਆਂ ਧੱਜੀਆਂ ਉਡਾਉਣ ਤੇ ਉਸ ਦਾ ਤਬਾਦਲਾ ਕਰਾਉਣ ਸਬੰਧੀ ਵੀ ਧਮਕੀ ਦਿੱਤੀ। ਮਹਿਲਾ IAS ਨੇ ਕਿਹਾ ਕਿ ਸੀਨੀਅਰ ਅਧਿਕਾਰੀ ਉਸ ਨੂੰ ਕਈ ਕਈ ਘੰਟੇ ਤਕ ਆਪਣੇ ਦਫ਼ਤਰ ’ਚ ਬਿਠਾਈ ਰੱਖਦਾ ਸੀ।

ਇਸ ਦੇ ਬਾਅਦ ਅਧਿਕਾਰੀ ਨੇ ਉਸ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਤੇ ਫਾਈਲਾਂ ’ਤੇ ਕੋਈ ਟਿੱਪਣੀ ਲਿਖਣੋਂ ਵੀ ਮਨ੍ਹਾ ਕੀਤਾ, ਬੱਸ ਹਸਤਾਖ਼ਰ ਕਰਨ ਲਈ ਹੀ ਕਿਹਾ। ਉਸ ਨੇ ਕਿਹਾ ਕਿ ਜਦੋਂ ਘਰ ਵਿੱਚ ਨਵੀਂ ਦੁਲਹਨ ਆਉਂਦੀ ਹੈ ਤਾਂ ਪਹਿਲਾਂ ਉਸ ਨੂੰ ਸਮਝਾਇਆ ਜਾਂਦਾ ਹੈ ਤੇ ਉਹ ਉਸ ਨੂੰ ਉਸੇ ਤਰ੍ਹਾਂ ਹੀ ਸਮਝਾ ਰਿਹਾ ਹੈ। ਇਸੇ ਤਰ੍ਹਾਂ ਲਗਾਤਾਰ ਕਈ ਦਿਨ ਤਕ ਅਧਿਕਾਰੀ ਉਸ ਨੂੰ ਮਾੜੇ ਸ਼ਬਦ ਕਹਿ ਦੇ ਉਸ ਦਾ ਅਪਮਾਣ ਕਰਦਾ ਰਿਹਾ ਤੇ ਉਸ ਦਾ ਜਿਣਸੀ ਸੋਸ਼ਣ ਵੀ ਕਰਦਾ ਰਿਹਾ।

ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉਸ ’ਤੇ ਲਾਏ ਇਲਜ਼ਾਮ ਬੇਬੁਨਿਆਦ ਹਨ ਤੇ ਉਹ ਬੇਕਸੂਰ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਹਿਲਾ IAS ਨੂੰ ਫਾਈਲਾਂ ਦਾ ਕੰਮ ਨਹੀਂ ਆਉਂਦਾ ਸੀ। ਇਸ ਲਈ ਉਹ ਸਿਰਫ਼ ਉਸ ਨੂੰ ਸਮਝਾਉਂਦਾ ਹੁੰਦਾ ਸੀ। ਉਸ ਨੇ ਮਹਿਲਾ ਅਫ਼ਸਰ ਨੂੰ ਪਸ਼ੂ-ਪਾਲਣ ਵਿਭਾਗ ਵਿੱਚ ਨਹੀਂ ਲਾਇਆ ਸੀ। ਇਸ ਲਈ ਉਸ ਨੇ ਮਹਿਲਾ IAS ਦੇ ਤਬਾਦਲੇ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਜਦੋਂ ਮਹਿਲਾ IAS ਦੀ ਨਿਯੁਕਤੀ ਹੋਣ ਬਾਅਦ ਉਨ੍ਹਾਂ ਦੇ ਵਿਭਾਗ ਆਈ ਸੀ ਤਾਂ ਉਹ ਉਸ ਨੂੰ ਕੰਮ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।