ਚੰਡੀਗੜ੍ਹ: JEE ਐਡਵਾਂਸਡ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਤੇ ਪੂਰੇ ਦੇਸ਼ ਵਿੱਚੋਂ ਪੰਚਕੂਲਾ ਦੇ ਪ੍ਰਣਵ ਗੋਇਲ ਨੇ ਬਾਜ਼ੀ ਮਾਰੀ ਹੈ। ਪ੍ਰਣਵ ਨੇ 360 ਵਿੱਚੋਂ 337 ਅੰਕ ਪ੍ਰਾਪਤ ਕੀਤੇ। ਪ੍ਰਣਵ ਨੇ ਸੀਬੀਐਸਈ ਦੀ ਬਾਰ੍ਹਵੀਂ ਜਮਾਤ ਵਿੱਚੋਂ 97.2% ਅੰਕ ਹਾਸਲ ਕੀਤੇ ਸਨ। ਉਸ ਨੇ ਦੱਸਿਆ ਕਿ ਅੱਗੇ ਉਹ ਕੰਪਿਊਟਰ ਵਿਗਿਆਨ ਵਿਸ਼ੇ ਦੀ ਪੜ੍ਹਾਈ ਕਰਨਾ ਚਾਹੇਗਾ।

 

'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪ੍ਰਣਵ ਨੇ ਦੱਸਿਆ ਕਿ ਉਹ ਇੱਕ ਕਾਮਯਾਬ ਬਿਜ਼ਨਸਮੈਨ ਬਣਨਾ ਚਾਹੁੰਦਾ ਚਾਹੁੰਦਾ ਹੈ। ਪ੍ਰਣਵ ਗੋਇਲ ਪੰਚਕੂਲਾ ਦੇ ਇੱਕ ਬਿਜ਼ਨਸਮੈਨ ਦਾ ਹੀ ਪੁੱਤਰ ਹੈ। ਪ੍ਰਣਵ ਨੇ ਕਿਹਾ ਕਿ JEE advance ਦੇ ਪੇਪਰ ਤੋਂ ਬਾਅਦ ਉਸ ਨੂੰ ਖ਼ੁਦ ਨੂੰ ਇਹ ਆਸ ਨਹੀਂ ਸੀ ਕਿ ਉਹ ਪਹਿਲਾ ਰੈਂਕ ਹਾਸਲ ਕਰੇਗਾ ਇਹ ਉਸ ਲਈ ਸਰਪ੍ਰਾਈਜ਼ ਸੀ, ਹਾਂ ਇੰਨਾ ਜ਼ਰੂਰ ਸੀ ਕਿ ਉਹ ਪਹਿਲੇ 10 ਰੈਂਕ ਵਿੱਚ ਜ਼ਰੂਰ ਆ ਜਾਵੇਗਾ।

ਪ੍ਰਣਵ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨ੍ਹਿਆ। ਉਸ ਦੇ ਮਾਤਾ ਮਮਤਾ ਗੋਇਲ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਖੁਸ਼ ਦੇਖਣਾ ਚਾਹੁੰਦੀ ਹੈ। ਪ੍ਰਣਵ ਦੇ ਪਿਤਾ ਪੰਕਜ ਗੋਇਲ ਨੇ ਕਿਹਾ ਕਿ ਉਹ ਜ਼ਿੰਦਗੀ ਵਿੱਚ ਜੋ ਵੀ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਸਮਰਥਨ ਮਿਲੇਗਾ।

ਇਸ ਇਮਤਿਹਾਨ ਵਿੱਚ ਕੋਟਾ ਦੇ ਸਾਹਿਲ ਜੈਨ ਨੇ ਦੂਜਾ ਤੇ ਦਿੱਲੀ ਦੇ ਕੈਲਾਸ਼ ਗੁਪਤਾ ਨੇ ਤੀਜਾ ਸਥਾਨ ਹਾਸਲ ਕੀਤਾ। 318 ਅੰਕ ਹਾਸਲ ਕਰ ਕੋਟਾ ਦੀ ਮੀਨਲ ਪਾਰੇਖ ਕੁੜੀਆਂ ਵਿੱਚੋਂ ਅੱਵਲ ਰਹੀ।

ਜੇਈਈ ਐਡਵਾਂਸਡ ਪ੍ਰੀਖਿਆ ਵਿੱਚ ਤਕਰੀਬਨ 1.55 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਪਹਿਲੀ ਵਾਰ ਆਨਲਾਈਨ ਵਿਧੀ ਨਾਲ ਹੋਇਆ ਇਹ ਇਮਤਿਹਾਨ ਇਸੇ ਸਾਲ 20 ਮਈ ਨੂੰ ਲਿਆ ਗਿਆ ਸੀ, ਜਿਸ ਵਿੱਚੋਂ ਕੁੱਲ 18,138 ਵਿਦਿਆਰਥੀ ਪਾਸ ਹੋਏ ਹਨ। ਪਾਸ ਹੋਏ ਵਿਦਿਆਰਥੀਆਂ ਲਈ ਸੀਟਾਂ ਦੀ ਅਲਾਟਮੈਂਟ 15 ਜੂਨ ਤੋਂ ਕੀਤੀ ਜਾਵੇਗੀ।