ਨਵੀਂ ਦਿੱਲੀ: ਸਾਲ 2018-19 ਦੇ ਆਮ ਬਜਟ ਵਿੱਚ ਨੌਕਰੀਪੇਸ਼ਾ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਸਰਕਾਰ ਨੇ ਆਮਦਨ ਕਰ ਦੀਆਂ ਦਰਾਂ ਤੇ ਸਲੈਬ ਵਿੱਚ ਕੋਈ ਬਦਲਾਅ ਨਹੀਂ। ਨੌਕਰੀਪੇਸ਼ਾ ਤੇ ਪੈਨਸ਼ਨਰਾਂ ਨੂੰ 40 ਹਜ਼ਾਰ ਰੁਪਏ ਸਟੈਂਡਰਡ ਛੋਟ ਦਾ ਐਲਾਨ ਕੀਤਾ ਹੈ ਪਰ ਨਾਲ ਹੀ ਟਰਾਂਸਪੋਰਟ ਭੱਤੇ ਤੇ ਮੈਡੀਕਲ ਖਰਚ ਤੋਂ ਕਰ ਛੋਟ ਵਾਪਸ ਲੈ ਲਈ ਹੈ। ਇਸ ਤਰ੍ਹਾਂ ਸਰਕਾਰ ਨੇ ਹਿਸਾਬ ਬਰਾਬਰ ਕਰ ਦਿੱਤਾ ਹੈ।

ਨੌਕਰੀਪੇਸ਼ਾ ਲੋਕਾਂ ਨੂੰ 15 ਹਜ਼ਾਰ ਦਾ ਮੈਡੀਕਲ ਤੇ 19,200 ਟਰਾਂਸਪੋਰਟ ਭੱਤਾ ਮਿਲਦਾ ਹੈ। ਇਸ ਤਰ੍ਹਾਂ 34,200 ਰੁਪਏ 'ਤੇ ਬਿੱਲ ਦੇ ਕੇ ਟੈਕਸ ਛੋਟ ਮਿਲੀ ਹੈ ਪਰ ਹੁਣ ਇਹ ਛੋਟ ਵਾਪਸ ਲੈ ਲਈ ਹੈ। ਇਸ ਦੀ ਥਾਂ 40 ਹਜ਼ਾਰ ਦੀ ਸਟੈਂਡਰਡ ਛੋਟ ਦੇ ਦਿੱਤੀ ਹੈ। ਇਸ ਨਾਲ ਟੈਕਸ ਦੇਣ ਵਾਲਿਆਂ ਨੂੰ ਮਹਿਜ਼ 5800 ਰੁਪਏ ਦਾ ਲਾਭ ਹੋਣ ਦਾ ਅੰਦਾਜ਼ਾ ਹੈ।

ਇਸ ਛੋਟ ਦਾ ਲਾਭ ਪੈਨਸ਼ਨਰਾਂ ਨੂੰ ਵੀ ਮਿਲੇਗਾ। ਅਪਾਹਜਾਂ ਨੂੰ ਟਰਾਂਸਪੋਰਟ ਭੱਤਾ ਮਿਲਦਾ ਰਹੇਗਾ। ਮੁਲਾਜ਼ਮਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੌਰਾਨ ਇਲਾਜ ਆਦਿ ਤੇ ਹੋਰ ਮੈਡੀਕਲ ਲਾਭ ਵੀ ਜਾਰੀ ਰਹਿਣਗੇ। ਤਿੰਨ ਫੀਸਦੀ ਸਿੱਖਿਆ ਸੈੱਸ ਦੀ ਥਾਂ ਸਿਹਤ ਤੇ ਸਿੱਖਿਆ ’ਤੇ ਚਾਰ ਫੀਸਦੀ ਸਬ ਸੈੱਸ ਲਾਇਆ ਗਿਆ ਹੈ।