ਚੰਡੀਗੜ੍ਹ: ਕਰਤਾਰਪੁਰ ਗਲਿਆਰੇ ਨੂੰ ਲੈ ਕੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਐਤਵਾਰ ਨੂੰ ਗੱਲਬਾਤ ਲਈ ਇਕੱਠੇ ਹੋਣਗੇ। ਇਸ ਵਾਰ ਮੁਲਾਕਾਤ ਵਾਹਗਾ, ਯਾਨੀ ਪਾਕਿਸਤਾਨ ਵਾਲੇ ਪਾਸੇ ਹੋਏਗੀ। 14 ਮਾਰਚ ਨੂੰ ਪਿਛਲੀ ਬੈਠਕ ਭਾਰਤੀ ਸਰਹੱਦ ਦੇ ਅੰਦਰ ਅਟਾਰੀ ਵਿਖੇ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਦੋਵੇਂ ਦੇਸ਼ ਇਸ ਲਾਂਘੇ ਨੂੰ ਸ਼ਰਧਾਲੂਆਂ ਲਈ ਖੋਲ੍ਹਣ 'ਤੇ ਕੰਮ ਕਰ ਰਹੇ ਹਨ ਪਰ ਹਾਲੇ ਵੀ ਦੋਵਾਂ ਦੇਸ਼ਾਂ ਵਿਚਾਲੇ ਢਾਂਚੇ ਤੇ ਯਾਤਰਾ ਦੀਆਂ ਸ਼ਰਤਾਂ ਨੂੰ ਲੈ ਕੇ ਮਤਭੇਦ ਬਣੇ ਹੋਏ ਹਨ।


ਦੋਵਾਂ ਦੇਸ਼ਾਂ ਵਿਚਾਲੇ ਐਤਵਾਰ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਇਨ੍ਹਾਂ ਗੱਲਾਂ 'ਤੇ ਚਰਚਾ ਹੋਏਗੀ-

  • ਭਾਰਤ ਚਾਹੁੰਦਾ ਹੈ ਕਿ ਸ਼ਰਧਾਲੂਆਂ ਲਈ ਕੋਈ ਫੀਸ ਨਹੀਂ ਹੋਣੀ ਚਾਹੀਦੀ, ਪਰ ਪਾਕਿਸਤਾਨ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਵੀਜ਼ਾ ਦੀ ਤਰਜ 'ਤੇ ਪਰਮਿਟ ਦਏਗਾ ਜਿਸ 'ਤੇ ਕੁਝ ਫੀਸ ਲੱਗੇਗੀ ਤੇ ਖ਼ਾਸ ਦਿਨਾਂ ਵਿੱਚ ਇਹ ਫ਼ੀਸ ਵਧਾਈ ਜਾ ਸਕਦੀ ਹੈ।

  • ਸ਼ਰਧਾ ਦੇ ਮੱਦੇਨਜ਼ਰ ਭਾਰਤ ਸ਼ਰਧਾਲੂਆਂ ਨੂੰ ਪੈਦਲ ਜਾਣ ਦੀ ਮਨਜ਼ੂਰੀ ਚਾਹੁੰਦਾ ਹੈ ਜਦਕਿ ਪਾਕਿਸਤਾਨ ਸ਼ਰਧਾਲੂਆਂ ਨੂੰ ਬੱਸ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ।

  • ਪਾਕਿਸਤਾਨ ਵੱਲੋਂ ਜ਼ੀਰੋ ਲਾਈਨ 'ਤੇ ਪੁਲ਼ ਬਣਾਉਣਾ ਚਾਹੀਦਾ ਹੈ ਪਰ ਪਾਕਿਸਤਾਨ ਪੁਲ ਬਣਾਉਣ ਲਈ ਤਿਆਰ ਨਹੀਂ।

  • ਭਾਰਤ ਚਾਹੁੰਦਾ ਹੈ ਕਿ ਇੱਕ ਜਾਂ ਦੋ ਸ਼ਰਧਾਲੂ ਵੀ ਗੁਰਦੁਆਰਾ ਸਾਹਿਬ ਜਾਣਾ ਚਾਹੁਣ ਤਾਂ ਜਾ ਸਕਣ, ਪਰ ਪਾਕਿਸਤਾਨ ਘੱਟੋ-ਘੱਟ 15 ਸ਼ਰਧਾਲੂਆਂ ਦਾ ਗਰੁੱਪ ਲੈ ਕੇ ਜਾਣਾ ਚਾਹੁੰਦਾ ਹੈ।

  • ਭਾਰਤ ਚਾਹੁੰਦਾ ਹੈ ਕਿ ਯਾਤਰਾ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੀ ਰਹੇ, ਪਰ ਪਾਕਿ ਹਫ਼ਤੇ ਦੇ ਕੁਝ ਦਿਨ ਤੈਅ ਕਰਨਾ ਚਾਹੁੰਦਾ ਹੈ।

  • ਭਾਰਤ ਦਿਨ ਦੇ 5 ਹਜ਼ਾਰ ਸ਼ਰਧਾਲੂਆਂ ਤੇ ਖ਼ਾਸ ਮੌਕਿਆਂ 'ਤੇ 10,000 ਸ਼ਰਧਾਲੂਆਂ ਦੀ ਆਗਿਆ ਚਾਹੁੰਦਾ ਹੈ, ਪਰ ਪਾਕਿਸਤਾਨ ਦਿਨ ਦੇ ਸਿਰਫ 500 ਤੋਂ 700 ਸ਼ਰਧਾਲੂਆਂ ਨੂੰ ਮਨਜ਼ੂਰੀ ਦੇਣ 'ਤੇ ਅੜਿਆ ਹੋਇਆ ਹੈ।


ਦੱਸ ਦੇਈਏ ਐਤਵਾਰ ਨੂੰ ਸਵੇਰੇ 10 ਵਜੇ ਬੈਠਕ ਸ਼ੁਰੂ ਹੋਏਗੀ ਤੇ ਕਰੀਬ 1 ਵਜੇ ਤਕ ਚੱਲੇਗੀ ਜਿਸ ਦੇ ਬਾਅਦ ਭਾਰਤ ਦਾ ਪ੍ਰਤੀਨਿਧੀਮੰਡਲ ਮੀਡੀਆ ਨਾਲ ਗੱਲਬਾਤ ਕਰੇਗਾ। ਭਾਰਤੀ ਪ੍ਰਤੀਨਿਧੀਮੰਡਲ ਦੀ ਪ੍ਰਧਾਨਗੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ SCL ਦਾਸ ਕਰਨਗੇ। ਵਿਦੇਸ਼ ਮੰਤਰਾਲੇ ਵਿੱਚ ਪਾਕਿ-ਅਫ਼ਗ਼ਾਨ-ਇਰਾਨ ਵਿਭਾਗ ਦੇ ਸੰਯੁਕਤ ਸਕੱਤਰ ਦੀਪਕ ਮਿੱਤਲ ਸ਼ਾਮ ਹੋਣਗੇ।