ਅਫਗਾਨਿਸਤਾਨ 'ਤੇ ਤਾਲਿਬਾਨ ਰਾਜ ਮਗਰੋਂ ਭਾਰਤ ਸਰਕਾਰ ਦਾ ਵੱਡਾ ਫੈਸਲਾ, 'ਈ-ਐਮਰਜੈਂਸੀ ਵੀਜ਼ਾ' ਦੀ ਨਵੀਂ ਸ਼੍ਰੇਣੀ ਦਾ ਐਲਾਨ
ਇਹ ਵੀਜ਼ਾ ਸਾਰੇ ਅਫਗਾਨ ਨਾਗਰਿਕ ਜੋ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਤੇ ਗਤੀਵਿਧੀਆਂ ਵਿੱਚ ਸ਼ਾਮਲ ਸਨ, ਨੂੰ ਜਾਰੀ ਕੀਤਾ ਜਾਏਗਾ।
ਨਵੀਂ ਦਿੱਲੀ: ਤਾਲਿਬਾਨ ਨੇ ਪੂਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਉੱਥੇ ਹਫੜਾ-ਦਫੜੀ ਦਾ ਮਾਹੌਲ ਹੈ। ਅਫਗਾਨ ਨਾਗਰਿਕ ਆਪਣੇ ਦੇਸ਼ ਤੋਂ ਬਚਣ ਲਈ ਇਧਰ-ਉਧਰ ਭੱਜ ਰਹੇ ਹਨ। ਅਜਿਹੀ ਸਥਿਤੀ 'ਚ ਭਾਰਤ ਨੇ ਅਹਿਮ ਫੈਸਲਾ ਕੀਤਾ ਹੈ। ਭਾਰਤ ਨੇ ਅਫਗਾਨ ਨਾਗਰਿਕਾਂ ਲਈ 'ਈ-ਐਮਰਜੈਂਸੀ ਵੀਜ਼ਾ' ਦੀ ਇੱਕ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਵਿੱਚ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕਵਾਇਦ ਵਿੱਚ ਲੱਗੇ ਹੋਏ ਹਨ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਕੇਂਦਰੀ ਗ੍ਰਹਿ ਮੰਤਰਾਲੇ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਜ਼ਾ ਵਿਵਸਥਾਵਾਂ ਦੀ ਸਮੀਖਿਆ ਕੀਤੀ ਹੈ।" ਇਲੈਕਟ੍ਰੌਨਿਕ ਵੀਜ਼ਾ ਦੀ ਨਵੀਂ ਸ਼੍ਰੇਣੀ ਨੂੰ 'ਐਮਰਜੈਂਸੀ ਐਕਸ-ਡਾਇਵਰਸਿਟੀ ਵੀਜ਼ਾ' ਕਿਹਾ ਜਾਂਦਾ ਹੈ। ਇਹ ਵੀਜ਼ਾ ਸਾਰੇ ਅਫਗਾਨ ਨਾਗਰਿਕ ਜੋ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਤੇ ਗਤੀਵਿਧੀਆਂ ਵਿੱਚ ਸ਼ਾਮਲ ਸਨ, ਨੂੰ ਜਾਰੀ ਕੀਤਾ ਜਾਏਗਾ।
ਜਿਹੜੇ ਲੋਕ ਅਫਗਾਨਿਸਤਾਨ ਛੱਡਣਾ ਚਾਹੁੰਦੇ, ਉਨ੍ਹਾਂ ਨੂੰ ਭਾਰਤ ਲਿਆਉਣਗੇ: ਵਿਦੇਸ਼ ਮੰਤਰਾਲਾ
ਇਸ ਤੋਂ ਪਹਿਲਾਂ ਕੱਲ੍ਹ ਅਫਗਾਨਿਸਤਾਨ ਦੇ ਤਾਜ਼ਾ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਵਿਦੇਸ਼ ਮੰਤਰਾਲੇ ਨੇ ਕਿਹਾ, "ਅਸੀਂ ਅਫਗਾਨ ਸਿੱਖ ਤੇ ਹਿੰਦੂ ਭਾਈਚਾਰਿਆਂ ਦੇ ਨੁਮਾਇੰਦਿਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਭਾਰਤ ਵਾਪਸੀ ਦੀ ਸਹੂਲਤ ਦੇਵਾਂਗੇ ਜੋ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ।" ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਫਗਾਨ ਹਨ ਜੋ ਆਪਸੀ ਵਿਕਾਸ, ਵਿਦਿਅਕ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਦੇ ਯਤਨਾਂ ਨੂੰ ਉਤਸ਼ਾਹਤ ਕਰਨ ਵਿੱਚ ਭਾਰਤ ਦੇ ਸਹਿਯੋਗੀ ਰਹੇ ਹਨ ਤੇ ਭਾਰਤ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।
ਸੀ -17 ਜਹਾਜ਼ਾਂ ਨੇ ਕਾਬੁਲ ਤੋਂ ਉਡਾਣ ਭਰੀ ਸੀ
ਉੱਥੇ ਹੀ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦੇ ਇੱਕ ਸੀ-17 ਜਹਾਜ਼ ਨੇ 120 ਤੋਂ ਵੱਧ ਭਾਰਤੀ ਅਧਿਕਾਰੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰੀ। ਦੇਰ ਸ਼ਾਮ ਕਰਮਚਾਰੀਆਂ ਨੂੰ ਹਵਾਈ ਅੱਡੇ ਦੇ ਸੁਰੱਖਿਅਤ ਖੇਤਰਾਂ ਵਿੱਚ ਸੁਰੱਖਿਅਤ ਬਾਹਰ ਕੱਢਿਆ ਗਿਆ। ਸੂਤਰਾਂ ਨੇ ਦੱਸਿਆ ਹੈ ਕਿ ਅਫਗਾਨਿਸਤਾਨ ਦੇ ਬਹੁਤ ਸਾਰੇ ਭਾਰਤੀ ਜੋ ਭਾਰਤ ਪਰਤਣਾ ਚਾਹੁੰਦੇ ਹਨ, ਉਹ ਸੁਰੱਖਿਅਤ ਖੇਤਰ ਵਿੱਚ ਹਨ ਤੇ ਉਨ੍ਹਾਂ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇਗਾ।
ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਭਾਰਤ ਲਈ ਚਿੰਤਾ ਦਾ ਵਿਸ਼ਾ
ਅਫਗਾਨਿਸਤਾਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਦੌਰਾਨ ਭਾਰਤ ਦੇ ਰਾਜਦੂਤ ਟੀਐਸ ਤ੍ਰਿਮੂਰਤੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਅਫਗਾਨਿਸਤਾਨ ਵਿੱਚ ਮਰਦ, ਔਰਤਾਂ ਤੇ ਬੱਚੇ ਡਰ ਦੇ ਪਰਛਾਵੇਂ ਹੇਠ ਰਹਿ ਰਹੇ ਹਨ। ਉਹ ਸਾਰੇ ਲੋਕ ਆਪਣੇ ਭਵਿੱਖ ਬਾਰੇ ਅਨਿਸ਼ਚਿਤ ਹਨ।