Sheikh Hasina India Visit : ਗੁਆਂਢੀ ਦੇਸ਼ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina)  ਚਾਰ ਦਿਨਾਂ ਭਾਰਤ ਦੇ ਦੌਰੇ 'ਤੇ ਹੈ। ਇਸ ਦੌਰਾਨ ਉਨ੍ਹਾਂ ਨੇ ਮੰਗਲਵਾਰ ਦੁਪਹਿਰ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਬੈਠਕ ਕੀਤੀ। ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਵਿਚਕਾਰ ਆਪਸੀ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਸੱਤ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਹ ਸਮਝੌਤੇ ਹੇਠ ਲਿਖੇ ਹਨ।


1. ਭਾਰਤ-ਬੰਗਲਾਦੇਸ਼ ਸਰਹੱਦ 'ਤੇ ਕੁਸ਼ੀਆਰਾ ਨਦੀ ਦਾ ਪਾਣੀ ਘਟਾਉਣ ਨੂੰ ਲੈ ਕੇ ਸਮਝੌਤਾ।

2. ਬੰਗਲਾਦੇਸ਼ ਰੇਲਵੇ ਦੇ ਅਧਿਕਾਰੀਆਂ ਨੂੰ ਭਾਰਤੀ ਰੇਲਵੇ ਸਿਖਲਾਈ ਸੰਸਥਾਵਾਂ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ।

3.  ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਬੰਗਲਾਦੇਸ਼ ਰੇਲਵੇ ਨੂੰ ਸਹਾਇਤਾ ਪ੍ਰਦਾਨ ਕਰੇਗਾ ਭਾਰਤ। ਇਸ ਤਹਿਤ ਭਾਰਤ ਮਾਲ ਢੁਆਈ ਪ੍ਰਬੰਧਨ ਪ੍ਰਣਾਲੀਆਂ ਅਤੇ ਹੋਰ ਆਈਟੀ ਆਧਾਰਿਤ ਸਮਰੱਥਾਵਾਂ ਨੂੰ ਵਧਾਉਣ ਵਿੱਚ ਬੰਗਲਾਦੇਸ਼ ਦੀ ਮਦਦ ਕਰੇਗਾ।


4. ਬੰਗਲਾਦੇਸ਼ ਦੀ ਸੁਪਰੀਮ ਕੋਰਟ ਅਤੇ ਭਾਰਤ ਦੀ ਨੈਸ਼ਨਲ ਜੁਡੀਸ਼ੀਅਲ ਅਕੈਡਮੀ ਵਿਚਕਾਰ  ਬੰਗਲਾਦੇਸ਼ੀ ਕਾਨੂੰਨੀ ਅਧਿਕਾਰੀਆਂ ਦੀ ਭਾਰਤ ਵਿੱਚ ਟ੍ਰੈਨਿੰਗ ਲਈ ਸਮਝੌਤਾ ਹੋਇਆ ।


5. ਭਾਰਤ ਅਤੇ ਬੰਗਲਾਦੇਸ਼ ਦੀ ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਵਿਚਕਾਰ ਸਮਝੌਤਾ।

6. ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਸਮਝੌਤਾ।

7. ਟੀਵੀ ਪ੍ਰਸਾਰਣ ਦੇ ਖੇਤਰ ਵਿੱਚ ਭਾਰਤ ਦੀ ਪ੍ਰਸਾਰ ਭਾਰਤੀ ਅਤੇ ਬੰਗਲਾਦੇਸ਼ ਟੀਵੀ ਵਿਚਕਾਰ ਸਮਝੌਤਾ।

ਸਮਝੌਤੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ?


ਪੀਐਮ ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਭਾਰਤ ਦਾ ਸਭ ਤੋਂ ਵੱਡਾ ਵਿਕਾਸ ਭਾਈਵਾਲ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਹਿਯੋਗ ਦਾ ਪੱਧਰ ਲਗਾਤਾਰ ਸੁਧਰ ਰਿਹਾ ਹੈ। ਅਸੀਂ ਆਈਟੀ, ਪੁਲਾੜ ਅਤੇ ਪਰਮਾਣੂ ਊਰਜਾ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਅਸੀਂ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਅਤੇ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ 'ਤੇ ਇੱਕ ਰੈਲੀ ਦਾ ਆਯੋਜਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਗਲੇ 25 ਸਾਲ ਦੇ  ਅੰਮ੍ਰਿਤ ਕਾਲ ਵਿੱਚ ਸਾਡੀ ਦੋਸਤੀ ਨਵੀਆਂ ਉਚਾਈਆਂ ਨੂੰ ਛੂਹ ਜਾਵੇਗੀ।


ਕੀ ਬੋਲੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ?


ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਸਾਡੀ ਤਰਜੀਹ ਲੋਕਾਂ ਦੇ ਮੁੱਦੇ ਹਨ, ਗਰੀਬੀ ਦੂਰ ਕਰਨਾ ਅਤੇ ਆਰਥਿਕਤਾ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਮਿਲ ਕੇ ਕੰਮ ਕਰਦੇ ਹਾਂ ਤਾਂ ਕਿ ਪੂਰੇ ਦੱਖਣੀ ਏਸ਼ੀਆ ਦੇ ਲੋਕ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀਅ ਸਕਣ।

ਅੱਤਵਾਦ ਅਤੇ ਕੱਟੜਵਾਦ ਦਾ ਉਠਾ ਮੁੱਦਾ  


ਦੋਹਾਂ ਪ੍ਰਧਾਨ ਮੰਤਰੀਆਂ ਦੀ ਇਸ ਮੁਲਾਕਾਤ 'ਚ ਵਧਦੇ ਅੱਤਵਾਦ ਅਤੇ ਕੱਟੜਵਾਦ ਦਾ ਮੁੱਦਾ ਵੀ ਸਾਹਮਣੇ ਆਇਆ। ਪੀਐਮ ਮੋਦੀ ਨੇ ਕਿਹਾ ਕਿ ਅੱਜ ਅਸੀਂ ਅੱਤਵਾਦ ਅਤੇ ਕੱਟੜਵਾਦ ਦੇ ਖਿਲਾਫ ਸਹਿਯੋਗ 'ਤੇ ਜ਼ੋਰ ਦਿੱਤਾ ਹੈ। 1971 ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਤਾਕਤਾਂ ਦਾ

ਮਿਲ ਕੇ ਸਾਹਮਣਾ ਕਰੀਏ ,ਜੋ ਸਾਡੇ ਆਪਸੀ ਵਿਸ਼ਵਾਸ 'ਤੇ ਹਮਲਾ ਕਰਦੀਆਂ ਹਨ।

ਦਰਿਆਈ ਪਾਣੀ ਦੀ ਵੰਡ 'ਤੇ ਵੀ ਗੱਲਬਾਤ ਹੋਈ


ਭਾਰਤ ਅਤੇ ਬੰਗਲਾਦੇਸ਼ ਨੇ ਮੋਦੀ ਅਤੇ ਹਸੀਨਾ ਦੀ ਗੱਲਬਾਤ ਤੋਂ ਬਾਅਦ ਸੱਤ ਸਮਝੌਤਿਆਂ 'ਤੇ ਦਸਤਖਤ ਕੀਤੇ, ਜਿਸ ਵਿੱਚ ਇੱਕ ਕੁਸ਼ੀਆਰਾ ਨਦੀ ਦੇ ਪਾਣੀ ਦੀ ਵੰਡ ਨਾਲ ਸਬੰਧਤ ਹੈ ,ਜਿਸ ਨਾਲ ਦੱਖਣੀ ਅਸਾਮ ਅਤੇ ਬੰਗਲਾਦੇਸ਼ ਦੇ ਸਿਲਹਟ ਖੇਤਰ ਨੂੰ ਲਾਭ ਹੋ ਸਕਦਾ ਹੈ। ਮੋਦੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ਤੋਂ 54 ਨਦੀਆਂ ਲੰਘਦੀਆਂ ਹਨ ਅਤੇ ਇਹ ਸਦੀਆਂ ਤੋਂ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੀਆਂ ਹੋਈਆਂ ਹਨ।