India-China standoff: ਚੀਨ ਦਾ ਭਾਰਤ ਨਾਲ ਲੱਗਦੀ ਸਰਹੱਦ ’ਤੇ ਵੱਡਾ ਐਕਸ਼ਨ, 50,000 ਫ਼ੌਜੀ ਭੇਜੇ, ਡ੍ਰੋਨ ਨਾਲ ਭਾਰਤੀ ਫ਼ੌਜਾਂ ’ਤੇ ਨਜ਼ਰ
ਐਲਏਸੀ 'ਤੇ ਮੌਜੂਦਾ ਸਥਿਤੀ ਦਾ ਜ਼ਿਕਰ ਕਰਦੇ ਹੋਏ ਸੂਤਰਾਂ ਨੇ ਕਿਹਾ ਚੀਨ ਚੁੱਪ ਨਹੀਂ ਬੈਠਾ ਹੈ, ਉਹ ਆਪਣੇ ਅਸਥਾਈ ਢਾਂਚਿਆਂ ਨੂੰ ਆਪਣੇ ਫੌਜੀਆਂ ਦੇ ਸਥਾਈ ਠਿਕਾਣਿਆਂ ਵਿੱਚ ਬਦਲ ਰਿਹਾ ਹੈ।
ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ 'ਤੇ ਚੀਨ ਨੇ ਫਿਰ ਤੋਂ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ। ਚੀਨੀ ਫੌਜ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ LAC) ਦੇ ਨਾਲ ਆਪਣੇ ਖੇਤਰ ਵਿੱਚ 50,000 ਤੋਂ ਵੱਧ ਫ਼ੌਜੀਆਂ ਨੂੰ ਤਾਇਨਾਤ ਕਰਨ ਤੋਂ ਬਾਅਦ ਡ੍ਰੋਨ ਦੀ ਵਿਆਪਕ ਵਰਤੋਂ ਕਰ ਰਹੀ ਹੈ, ਜੋ ਉੱਥੇ ਭਾਰਤੀ ਚੌਕੀਆਂ ਦੇ ਨੇੜੇ ਉੱਡ ਰਹੇ ਹਨ।
ਸਰਕਾਰੀ ਸੂਤਰਾਂ ਨੇ ਖ਼ਬਰ ਏਜੰਸੀ ‘ਏਐਨਆਈ’ ਨੂੰ ਦੱਸਿਆ ਕਿ ਚੀਨੀ ਫੌਜ ਦੀਆਂ ਡ੍ਰੋਨ ਗਤੀਵਿਧੀਆਂ ਜ਼ਿਆਦਾਤਰ ਦੌਲਤ ਬੇਗ ਓਲਡੀ ਸੈਕਟਰ, ਗੋਗਰਾ ਹਾਈਟਸ ਤੇ ਖੇਤਰ ਦੇ ਹੋਰ ਸਥਾਨਾਂ ਵਿੱਚ ਵਿਖਾਈ ਦੇ ਰਹੀਆਂ ਹਨ। ਭਾਰਤੀ ਫੌਜ ਵੀ ਚੀਨ ਦੀਆਂ ਇਨ੍ਹਾਂ ਹਰਕਤਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਭਾਰਤੀ ਫੌਜ ਵੀ ਪੂਰੀ ਤਰ੍ਹਾਂ ਚੌਕਸ
ਭਾਰਤੀ ਫੌਜ ਵੱਖ-ਵੱਖ ਸਰੋਤਾਂ ਦੀ ਵਰਤੋਂ ਕਰਕੇ ਚੀਨ ਦੀਆਂ ਇਨ੍ਹਾਂ ਹਰਕਤਾਂ ਦੀ ਨਿਗਰਾਨੀ ਵੀ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਬਹੁਤ ਸੁਚੇਤ ਹੈ। ਵੱਡੇ ਪੈਮਾਨੇ 'ਤੇ ਡ੍ਰੋਨ ਵੀ ਤਾਇਨਾਤ ਕੀਤੇ ਜਾ ਰਹੇ ਹਨ। ਛੇਤੀ ਹੀ ਹੁਣ ਨਵੇਂ ਇਜ਼ਰਾਈਲੀ ਤੇ ਭਾਰਤੀ ਡ੍ਰੋਨ ਵੀ ਸ਼ਾਮਲ ਕੀਤੇ ਜਾਣਗੇ।
ਚੀਨ ਬਣਾ ਰਿਹਾ ਆਪਣਾ ਸਥਾਈ ਅਧਾਰ
ਐਲਏਸੀ 'ਤੇ ਮੌਜੂਦਾ ਸਥਿਤੀ ਦਾ ਜ਼ਿਕਰ ਕਰਦੇ ਹੋਏ ਸੂਤਰਾਂ ਨੇ ਕਿਹਾ ਚੀਨ ਚੁੱਪ ਨਹੀਂ ਬੈਠਾ ਹੈ, ਉਹ ਆਪਣੇ ਅਸਥਾਈ ਢਾਂਚਿਆਂ ਨੂੰ ਆਪਣੇ ਫੌਜੀਆਂ ਦੇ ਸਥਾਈ ਠਿਕਾਣਿਆਂ ਵਿੱਚ ਬਦਲ ਰਿਹਾ ਹੈ। ਚੀਨ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਤਿੱਬਤੀ ਪਿੰਡਾਂ ਦੇ ਨੇੜੇ ਫੌਜੀ ਕੈਂਪ ਸਥਾਪਤ ਕੀਤੇ ਹਨ।
ਕੰਕਰੀਟ ਦੀਆਂ ਇਮਾਰਤਾਂ ਦੀ ਉਸਾਰੀ
ਇਹ ਕੈਂਪ ਚੀਨੀ ਫੌਜ ਦੁਆਰਾ ਕੰਕਰੀਟ ਇਮਾਰਤਾਂ ਦੇ ਰੂਪ ਵਿੱਚ ਬਣਾਏ ਜਾ ਰਹੇ ਹਨ। ਚੀਨ ਦੀਆਂ ਇਹ ਕਾਰਵਾਈਆਂ ਸਿੱਧੇ ਤੌਰ ਉੱਤੇ ਉਸ ਦੇ ਇਰਾਦੇ ਦਰਸਾ ਰਹੀਆਂ ਹਨ। ਚੀਨ ਆਪਣੇ ਫ਼ੌਜੀਆਂ ਦੀ ਤਾਇਨਾਤੀ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਣਾ ਚਾਹੁੰਦਾ ਹੈ।
ਸੂਤਰਾਂ ਅਨੁਸਾਰ ਗਲਵਾਨ ਘਾਟੀ ਵਿੱਚ ਹਿੰਸਕ ਝੜਪਾਂ ਦੇ ਬਾਅਦ ਵੀ ਚੀਨ ਨੇ ਪਿਛਲੇ ਸਾਲ ਹੀ ਆਪਣੇ ਖੇਤਰ ਵਿੱਚ ਕੰਮ ਸ਼ੁਰੂ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਸਰਦੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੀਨੀ ਪਾਸੇ ਤੋਂ ਕਈ ਥਾਵਾਂ 'ਤੇ ਨਿਰਮਾਣ ਕਾਰਜ ਅਜੇ ਵੀ ਜਾਰੀ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਭਾਵੇਂ ਚੀਨ ਨੇ ਤਣਾਅਗ੍ਰਸਤ ਕੁਝ ਖੇਤਰਾਂ ਤੋਂ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ ਹਨ, ਪਰ ਉਸ ਨੇ ਅਪ੍ਰੈਲ 2020 ਤੋਂ ਸਰਹੱਦ 'ਤੇ ਆਪਣੇ ਖੇਤਰ ਤੋਂ ਤਾਇਨਾਤ ਆਪਣੇ ਕਿਸੇ ਵੀ ਫੌਜੀ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਸੱਦਿਆ ਹੈ। ਇਸ ਸਮੇਂ, ਚੀਨੀ ਫੌਜ ਭਾਰਤੀ ਸਰਹੱਦ ਦੇ ਨੇੜੇ ਆਪਣੇ ਫੌਜੀਆਂ ਦੀ ਲੰਮੇ ਸਮੇਂ ਦੀ ਤਾਇਨਾਤੀ ਦੇ ਏਜੰਡੇ 'ਤੇ ਕੰਮ ਕਰ ਰਹੀ ਹੈ।
ਚੀਨ ਦੀ ਨੀਅਤ ਕਿੰਨੀ ਖਤਰਨਾਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚੀਨੀ ਫੌਜ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਦੇ ਪਿੰਡਾਂ ਵਿੱਚ ਫੌਜੀ ਠਿਕਾਣਿਆਂ ਦੇ ਨਿਰਮਾਣ ਉੱਤੇ ਭਾਰੀ ਪੈਸਾ ਖ਼ਰਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਇਨ੍ਹਾਂ ਸਹੂਲਤਾਂ ਦਾ ਨਿਰਮਾਣ ਕਰ ਰਿਹਾ ਹੈ ਤਾਂ ਜੋ ਉਸਦੀ ਫੌਜ ਨੂੰ ਇੱਕ ਰੱਖਿਆ ਲਾਈਨ ਦੇ ਤੌਰ ਤੇ ਵਰਤਿਆ ਜਾ ਸਕੇ।
ਇਹ ਵੀ ਪੜ੍ਹੋ: Punjab Cabinet: ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਮਣੇ ਵੱਡੀ ਚੁਣੌਤੀ, 90 ਦਿਨਾਂ 'ਚ ਅਗਨੀ ਪ੍ਰੀਖਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin