ਨਵੀਂ ਦਿੱਲੀ: ਚੀਨ ਦੀ ਸ਼ਹਿ 'ਤੇ ਨੇਪਾਲ ਵੀ ਭਾਰਤ ਸਾਹਮਣੇ ਬੜ੍ਹਕਾਂ ਮਾਰਨ ਲੱਗਾ ਹੈ। ਭਾਰਤ ਨਾਲ ਲੱਗਦੀ ਸਰਹੱਦ 'ਤੇ ਪਹਿਲੀ ਵਾਰ ਨੇਪਾਲ ਦੀ ਫੌਜ ਇੰਨੀ ਜ਼ਿਆਦਾ ਚੌਕਸ ਵਿਖਾਈ ਦੇ ਰਹੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਨੇਪਾਲ ਫੌਜ ਨੇ ਸਰਹੱਦ ਨੇੜੇ ਚੀਨੀ ਟੈਂਟ ਲਾਏ ਹਨ। ਇਸ ਤੋਂ ਸਪਸ਼ਟ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੀਨ ਉਨ੍ਹਾਂ ਦੇ ਨਾਲ ਹੈ।


ਦਰਅਸਲ ਭਾਰਤ-ਨੇਪਾਲ ਸਰਹੱਦ 'ਤੇ ਨੇਪਾਲੀ ਫੌਜ ਵੱਲੋਂ ਪੋਸਟਾਂ ਬਣਾਈਆਂ ਜਾ ਰਹੀਆਂ ਹਨ। ਭਾਰਤ-ਨੇਪਾਲ ਸਰਹੱਦ 'ਤੇ ਟਿਹੂਕੀ, ਚੇਰਗਾਹਾਂ, ਬਲੂਆ, ਮਿਰਜ਼ਾਪੁਰ, ਪਾਂਡਿਆਪੁਰ, ਦਸ਼ਾਵਤਾ, ਵਿਸ਼ਨੂੰਪੁਰਵਾ ਵਿੱਚ ਪੋਸਟਾਂ ਬਣਾਈਆਂ ਗਈਆਂ ਹਨ। ਇਹ ਸਾਰੀਆਂ ਪੋਸਟਾਂ ਸਰਹੱਦ 'ਤੇ ਲੱਗੇ ਪਿੱਲਰ ਤੋਂ ਮਹਿਜ਼ 10 ਗਜ਼ ਦੂਰੀ 'ਤੇ ਬਣਾਈਆਂ ਗਈਆਂ ਹਨ। ਇਹ ਪੋਸਟਾਂ ਬਣਾਈਆਂ ਤਾਂ ਨੇਪਾਲੀ ਫੌਜ ਨੇ ਹਨ ਪਰ ਤੰਬੂ ਚੀਨੀ ਦਿਖਾਈ ਦੇ ਰਹੇ ਹਨ।

ਦਰਅਸਲ ਹੁਣ ਤੱਕ ਭਾਰਤ-ਨੇਪਾਲ ਸਰਹੱਦ 'ਤੇ ਕੋਈ ਸਖਤੀ ਨਹੀਂ ਸੀ। ਲੋਕ ਆਮ ਆ-ਜਾ ਸਕਦੇ ਸੀ। ਚੀਨ ਨਾਲ ਤਣਾਅ ਵਧਣ ਮਗਰੋਂ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਸੋਧ ਕਰਦਿਆਂ ਕੁਝ ਭਾਰਤ ਵਾਲੇ ਪਾਸੇ ਦੇ ਇਲਾਕਿਆਂ ਨੂੰ ਆਪਣੀ ਸਰਹੱਦ ਅੰਦਰ ਸ਼ਾਮਲ ਕਰ ਲਿਆ। ਭਾਰਤ ਨੇ ਵਿਰੋਧ ਕੀਤਾ ਪਰ ਕੋਈ ਅਸਰ ਨਹੀਂ ਹੋਇਆ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਨੇਪਾਲ ਚੀਨ ਦੀ ਸ਼ਹਿ ਵਿੱਚ ਆ ਕੇ ਅਜਿਹਾ ਕਰ ਰਿਹਾ ਹੈ।