ਨਵੀਂ ਦਿੱਲੀ: ਪਿਛਲੇ ਚਾਰ ਸਾਲਾਂ ਵਿੱਚ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ਤੇ ਭੱਤਿਆਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ 1,997 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਗੱਲ ਦਾ ਖ਼ੁਲਾਸਾ ਕਾਰਕੁਨ ਚੰਦਰਸ਼ੇਖਰ ਗੌੜ ਵੱਲੋਂ ਦਾਇਰ ਇੱਕ RTI ਦੇ ਜਵਾਬ ਰਾਹੀਂ ਕੀਤਾ ਗਿਆ ਹੈ। ਲੋਕ ਸਭਾ ਸਕੱਤਰੇਤ ਨੇ ਆਰਟੀਆਈ ਬੇਨਤੀ ਦੇ ਜਵਾਬ ਵਿੱਚ ਕਿਹਾ ਕਿ ਲੋਕ ਸਭਾ ਦੇ ਮੈਂਬਰਾਂ ਲਈ ਔਸਤ 71.29 ਲੱਖ ਰੁਪਏ ਜਦਕਿ ਰਾਜ ਸਭਾ ਮੈਂਬਰਾਂ ’ਤੇ 44.33 ਲੱਖ ਰੁਪਏ ਖਰਚ ਕੀਤੇ ਗਏ ਹਨ। ਯਾਦ ਰਹੇ ਕਿ ਲੋਕ ਸਭਾ ਵਿੱਚ 545 ਤੇ ਰਾਜ ਸਭਾ ਵਿੱਚ 245 ਮੈਂਬਰ ਹਨ।

ਲੋਕ ਸਭਾ ਸਾਂਸਦਾਂ ਨੂੰ ਹਰ ਸਾਲ 71 ਲੱਖ ਤੋਂ ਜ਼ਿਆਦਾ ਤਨਖ਼ਾਹ ਭੱਤਾ

ਸਾਲ 2014-15 ਤੋਂ ਲੈ ਕੇ ਇਸ ਸਾਲ ਤਕ ਦੇ ਪਿਛਲੇ ਚਾਰ ਵਿੱਤੀ ਸਾਲਾਂ ਵਿੱਚ ਲੋਕ ਸਭਾ ਮੈਂਬਰਾਂ ਲਈ ਤਨਖ਼ਾਹ ਭੱਤੇ ਵਿੱਚ ਕੁੱਲ 1,554 ਕਰੋੜ ਰੁਪਏ ਦਿੱਤੇ ਗਏ ਹਨ। ਹਰੇਕ ਸਾਂਸਦ ਨੂੰ ਹਰ ਸਾਲ ਔਸਤਨ 71,29,390 ਰੁਪਏ ਦਾ ਭਗੁਤਾਨ ਕੀਤਾ ਗਿਆ ਹੈ।

ਰਾਜ ਸਭਾ ਮੈਂਬਰਾਂ ਨੂੰ ਹਰ ਸਾਲ 44 ਲੱਖ ਤੋਂ ਵੱਧ ਤਨਖਾਹ ਭੱਤਾ

ਇਸੇ ਤਰ੍ਹਾਂ ਸਾਲ 2014-15 ਤੋਂ ਲੈ ਕੇ ਇਸ ਸਾਲ ਰਾਜ ਸਭਾ ਦੇ ਮੈਂਬਰਾਂ ਨੂੰ ਚਾਰ ਸਾਲਾਂ ਵਿੱਚ 443 ਕਰੋੜ ਰੁਪਏ ਦਾ ਤਨਖਾਹ ਭੱਤਾ ਦਿੱਤਾ ਗਿਆ। ਹਰ ਰਾਜ ਸਭਾ ਮੈਂਬਰ ਨੂੰ ਸਾਲਾਨਾ 44,33,682 ਰੁਪਏ ਤਨਖਾਹ ਭੱਤਾ ਦਿੱਤਾ ਗਿਆ ਹੈ।

ਇਸ ਦੌਰਾਨ ਗੈਰ ਸਰਕਾਰੀ ਸੰਗਠਨ, ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੇ ਸੰਸਥਾਪਕ ਮੈਂਬਰ ਜਗਦੀਸ਼ ਛੋਕਾਰ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਤਨਖ਼ਾਹ ਤੇ ਭੱਤੇ ਦੇਣ ਲਈ ਸਰਕਾਰ ਦੇ ਖਜ਼ਾਨੇ 'ਤੇ ਬੋਝ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਸੰਸਦ ਮੈਂਬਰਾਂ ਦੀ ਤਨਖਾਹ 10 ਗੁਣਾ ਵਧ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਉਨ੍ਹਾਂ ਨੂੰ ਆਵਾਜਾਈ, ਘਰ, ਵਾਹਨ, ਭੋਜਨ, ਮੈਡੀਕਲ, ਹਵਾਈ ਯਾਤਰਾ, ਟੈਲੀਫ਼ੋਨ ਤੇ ਹੋਰ ਚੀਜ਼ਾਂ ਲਈ ਰਾਜ ਸਰਕਾਰ ਤੋਂ ਭੱਤੇ ਨਹੀਂ ਮਿਲਣੇ ਚਾਹੀਦੇ।