ਨਵੀਂ ਦਿੱਲੀ- ਸੰਸਾਰ ਦੀ ਸਭ ਤੋਂ ਤੇਜ਼ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਨੂੰ ਭਾਰਤੀ ਹਵਾਈ ਫੌਜ ਦੇ ਮੁੱਖ ਲੜਾਕੂ ਜਹਾਜ਼ ਸੁਖੋਈ-30 ਤੋਂ ਦਾਗਣ ਦੀ ਸਫਲ ਪਰਖ ਕੀਤੀ ਗਈ, ਜਿਸ ਦੇ ਨਾਲ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ ਵਿੱਚੋਂ ਇਕ ਬ੍ਰਹਿਮੋਸ ਨੂੰ ਜਲ, ਥਲ ਅਤੇ ਹਵਾ ਵਿੱਚ ਸਥਿਤ ਪਲੇਟਫਾਰਮਾਂ ਤੋਂ ਦਾਗ ਸਕਣ ਦੀ ਸਮਰੱਥਾ ਹਾਸਲ ਕਰ ਲਈ ਹੈ।


ਭਾਰਤ ਦੇ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਿਮੋਸ ਮਿਜ਼ਾਈਲ ਨੂੰ ਹਵਾਈ ਫੌਜ ਦੇ ਲੜਾਕੂ ਬੇੜੇ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸੁਖੋਈ-30 ਜਹਾਜ਼ ਤੋਂ ਬੰਗਾਲ ਦੀ ਖਾੜੀ ਵਿੱਚ ਮਿਥੇ ਹੋਏ ਟੀਚੇ ਉੱਤੇ ਦਾਗਿਆ ਗਿਆ ਤੇ ਇਸ ਨੇ ਟੀਚੇ ਉੱਤੇ ਸਿੱਧਾ ਨਿਸ਼ਾਨਾ ਲਾ ਕੇ ਸਫਲਤਾ ਦਾ ਇਤਿਹਾਸ ਰਚ ਦਿੱਤਾ। ਬ੍ਰਹਿਮੋਸ ਨੂੰ ਲੜਾਕੂ ਜਹਾਜ਼ ਤੋਂ ਪਹਿਲੀ ਵਾਰ ਦਾਗਿਆ ਗਿਆ ਹੈ। ਇਸ ਦੇ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੇ ਸੁਖੋਈ ਜਹਾਜ਼ ਵਿਚ ਕਈ ਫੇਰਬਦਲ ਕੀਤੇ ਸਨ, ਜਿਸ ਨਾਲ ਕਿ ਉਹ ਢਾਈ ਟਨ ਵਜ਼ਨ ਦੀ ਬਹੁਤ ਭਾਰੀ ਮਿਜ਼ਾਈਲ ਨੂੰ ਲਾਂਚ ਕਰ ਸਕੇ। ਇਸ ਪਰਖ ਦੇ ਨਾਲ ਹਵਾਈ ਫੌਜ ਦੀ ਮਾਰੂ ਸਮੱਰਥਾ ਕਈ ਗੁਣਾਂ ਵਧ ਗਈ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਦੇ ਹੋਏ ਰੱਖਿਆ ਖੋਜ ਸੰਗਠਨ ਡੀ ਆਰ ਡੀ ਓ ਅਤੇ ਬ੍ਰਹਿਮੋਸ ਦੀ ਟੀਮ ਨੂੰ ਵਧਾਈ ਦਿੱਤੀ।

ਵਰਨਣ ਯੋਗ ਹੈ ਕਿ ਬ੍ਰਹਿਮੋਸ ਮਿਜ਼ਾਈਲ ਅੰਡਰਗਰਾਊਂਡ ਬੰਕਰਾਂ, ਕਮਾਂਡ ਐਂਡ ਕੰਟਰੋਲ ਸੈਂਟਰਜ਼ ਅਤੇ ਸਮੁੰਦਰ ਉੱਤੇ ਉੱਡਦੇ ਹਵਾਈ ਜਹਾਜ਼ਾਂ ਨੂੰ ਦੂਰ ਤੋਂ ਨਿਸ਼ਾਨਾ ਬਣਾ ਸਕਦੀ ਹੈ। ਜ਼ਮੀਨੀ ਫੌਜ ਨੇ ਬ੍ਰਹਿਮੋਸ ਮਿਜ਼ਾਈਲ ਨੂੰ ਪਹਿਲਾਂ ਹੀ ਆਪਣੇ ਬੇੜੇ ਵਿੱਚ ਸ਼ਾਮਲ ਕਰ ਲਿਆ ਹੈ। ਇਸ ਮਿਜ਼ਾਈਲ ਦਾ ਹਾਈਪਰਸੋਨਿਕ ਵਰਜ਼ਨ ਬਣਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜਿਹੜਾ ਮੈਕ-5 ਦੀ ਸਪੀਡ ਨਾਲ ਉੱਡ ਸਕੇਗਾ। ਦੁਸ਼ਮਣ ਲਈ ਬ੍ਰਹਿਮੋਸ ਤੋਂ ਘਬਰਾਉਣ ਦਾ ਵੱਡਾ ਕਾਰਨ ਇਹ ਹੈ ਕਿ ਇਸ ਦਾ ਉਨ੍ਹਾਂ ਕੋਲ ਕੋਈ ਤੋੜ ਨਹੀਂ ਹੈ।

ਇਸ ਦੀ ਸਪੀਡ ਲੱਗਭਗ ਇਕ ਕਿਲੋਮੀਟਰ ਪ੍ਰਤੀ ਸੈਕਿੰਡ ਹੈ, ਜਦ ਕਿ ਚੀਨ ਦੀ ਮਿਜ਼ਾਈਲ ਦੀ ਸਪੀਡ 290 ਮੀਟਰ ਪ੍ਰਤੀ ਸੈਕਿੰਡ ਹੈ। ਇਸ ਨੂੰ ਦਾਗ਼ਣ ਵਿੱਚ ਸਮਾਂ ਵੀ ਘੱਟ ਹੈ।ਇਸ ਪਰਖ ਦੇ ਨਾਲ ਭਾਰਤੀ ਏਅਰ ਫੋਰਸ ਦੁਨੀਆ ਦੀ ਪਹਿਲੀ ਅਜਿਹੀ ਹਵਾਈ ਫੌਜ ਬਣ ਗਈ ਹੈ, ਜਿਸ ਦੇ ਜੰਗੀ ਬੇੜੇ ਵਿੱਚ ਸੁਪਰਸੋਨਿਕ ਮਿਜ਼ਾਈਲ ਵੀ ਹੈ। ਸੁਖੋਈ ਹਵਾਈ ਜਹਾਜ਼ ਪਹਿਲਾਂ ਬ੍ਰਹਿਮੋਸ ਨਾਲ ਸਫਲ ਉਡਾਣ ਭਰ ਚੁੱਕਾ ਹੈ। ਅਪ੍ਰੈਲ 2017 ਵਿੱਚ ਪਹਿਲੀ ਵਾਰ ਸਮੁੰਦਰੀ ਫੌਜ ਨੇ ਬ੍ਰਹਿਮੋਸ ਨੂੰ ਵਾਰਸ਼ਿਪ ਤੋਂ ਜ਼ਮੀਨ ਉੱਤੇ ਦਾਗਿਆ ਸੀ।

ਇਸ ਮਿਜ਼ਾਈਲ ਨੂੰ ਭਾਰਤ-ਰੂਸ ਦੇ ਸਾਂਝੇ ਯਤਨਾਂ ਹੇਠ ਬਣਾਇਆ ਗਿਆ ਹੈ। ਸੁਖੋਈ ਜਹਾਜ਼ ਰਾਹੀਂ ਬ੍ਰਹਿਮੋਸ ਮਿਜ਼ਾਈਲ ਦੀ ਪਰਖ ਨੂੰ ਇਨ੍ਹਾਂ ਦੋਵਾਂ ਦਾ ‘ਡੈੱਡਲੀ ਕੰਬੀਨੇਸ਼ਨ’ ਕਿਹਾ ਜਾ ਰਿਹਾ ਹੈ। ਹਵਾ ਤੋਂ ਜ਼ਮੀਨ ਉੱਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਦੁਸ਼ਮਣ ਦੀ ਸਰਹੱਦ ਉੱਤੇ ਸਥਾਪਿਤ ਅੱਤਵਾਦੀ ਟਿਕਾਣਿਆਂ ਉੱਤੇ ਹਮਲਾ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਆਵਾਜ਼ ਨਾਲੋਂ ਲੱਗਭਗ 3 ਗੁਣਾ ਵੱਧ ਰਫਤਾਰ ਨਾਲ ਹਮਲਾ ਕਰਨ ਦੇ ਸਮਰੱਥ ਹੈ ਅਤੇ ਕੋਈ ਹੋਰ ਮਿਜ਼ਾਈਲ ਤੇਜ਼ ਰਫਤਾਰ ਨਾਲ ਹਮਲੇ ਦੇ ਮਾਮਲੇ ਵਿੱਚ ਇਸ ਦੇ ਬਰਾਬਰੀ ਦੀ ਨਹੀਂ। ਅਮਰੀਕਾ ਦੀ ਟਾਮ ਹਾਕ ਮਿਜ਼ਾਈਲ ਵੀ ਇਸ ਦੇ ਸਾਹਮਣੇ ਕਮਜ਼ੋਰ ਹੈ। ਬ੍ਰਹਿਮੋਸ ਐਟਮੀ ਤਕਨੀਕ ਨਾਲ ਲੈਸ ਅਤੇ ਲੜਾਕੂ ਹਵਾਈ ਜਹਾਜ਼ ਰਾਹੀਂ ਦਾਗਣ ਉੱਤੇ 400 ਕਿਲੋਮੀਟਰ ਦੂਰ ਤੱਕ ਮਾਰ ਕਰ ਸਕਦੀ ਹੈ।