ਚੰਡੀਗੜ੍ਹ: ਇਸਰੋ ਜਲਦ ਹੀ ਰੁਕ-ਰੁਕ ਕੇ ਚੱਲਣ ਵਾਲੇ ਇੰਟਰਨੈਟ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਵਾਲਾ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਸਾਲ 2019 ਤਕ ਸਭ ਨੂੰ 100Gbps ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ ਮਿਲ ਜਾਏਗੀ। ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਜਾਣਕਾਰੀ ਦਿੱਤੀ ਕਿ ਸਪੀਡ ਇੰਟਰਨੈੱਟ ਦੀ ਸੁਵਿਧਾ ਦੇਣ ਲਈ ਇਸਰੋ ਚਾਰ ਹੈਵੀ ਡਿਊਟੀ ਕਮਿਊਨੀਕੇਸ਼ਨ ਸੈਟੈਲਾਈਟ ਲਾਂਚ ਕਰੇਗਾ। ਮੌਜੂਦਾ ਸਪੀਡਟੈਸਟ ਰੈਂਕਿੰਗ ਦੀ ਗੱਲ ਕੀਤੀ ਜਾਏ ਤਾਂ ਭਾਰਤ 24.56MBPS ਦੀ ਸਪੀਡ ਨਾਲ 76ਵੇਂ ਸਥਾਨ ’ਤੇ ਆਉਂਦਾ ਹੈ।

ਡਾ. ਸਿਵਾਨ ਨੇ ਕਿਹਾ ਕਿ ਜੂਨ, 2017 ਵਿੱਚ ਇਸਰੋ ਨੇ GSAT-19 ਲਾਂਚ ਕੀਤਾ ਸੀ। GSAT-11 ਤੇ GSAT-29 ਇਸ ਸਾਲ ਲਾਂਚ ਕੀਤੇ ਜਾਣਗੇ। ਇਸੇ ਤਰ੍ਹਾਂ ਅਗਲੇ ਸਾਲ ਵੀ GSAT-20 ਲਾਂਚ ਕੀਤਾ ਜਾਏਗਾ। ਇਨ੍ਹਾਂ ਚਾਰ ਉਪਗ੍ਰਿਹਾਂ ਦੇ ਲਾਂਚ ਹੋਣ ਨਾਲ ਭਾਰਤ ਵਿੱਚ ਇੰਟਰਨੈਟ ਦੀ ਸੁਵਿਧਾ ਵਿੱਚ ਵੱਡਾ ਬਦਲਾਅ ਆਏਗਾ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਚਾਰੇ ਸੈਟੈਲਾਈਟ 100Gbps ਤੋਂ ਜ਼ਿਆਦਾ ਹਾਈ ਬੈਂਡਵਿਥ ਕੁਨੈਕਟੀਵਿਟੀ ਉਪਲੱਬਧ ਕਰਾਉਣ ਦੇ ਸਮਰਥ ਹਨ। ਇਸਰੋ ਨੇ ਇਹ ਵੀ ਸਾਫ ਕੀਤਾ ਕੇ ਕੇਂਦਰ ਸਰਕਾਰ ਨੇ 30 PSLVs ਤੇ 10 GSLV Mk-3 ਲਈ 10,900 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ।