ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਮਗਰੋਂ ਪਾਕਿਸਤਾਨ ਲਗਾਤਾਰ ਆਪਣੇ ਸੈਨਿਕਾਂ ਤੇ ਅੱਤਵਾਦੀਆਂ ਦੀ ਮਦਦ ਨਾਲ ਕਸ਼ਮੀਰ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੈਨਾ ਦੇ ਸੂਤਰਾਂ ਨੇ ਦੱਸਿਆ ਕਿ 12-13 ਸਤੰਬਰ ਨੂੰ ਪਾਕਿ ਦੀ ਬੈਟ (ਬਾਰਡਰ ਐਕਸ਼ਨ ਟੀਮ) ਨੇ ਪੀਓਕੇ ਤੋਂ ਕਸ਼ਮੀਰ ‘ਚ ਵੜਨ ਦੀ ਕੋਸ਼ਿਸ਼ ਕੀਤੀ। ਜਦਕਿ ਐਲਓਸੀ ‘ਤੇ ਤਾਇਨਾਤ ਭਾਰਤੀ ਫੌਜ ਨੇ ਉਨ੍ਹਾਂ ਨੂੰ ਵੇਖ ਲਿਆ ਤੇ ਬੈਰਲ ਗ੍ਰੇਨੇਡ ਲਾਂਚਰ ਰਾਹੀਂ ਬੰਬ ਵਰ੍ਹਾ ਦਿੱਤੇ।

ਨਿਊਜ਼ ਏਜੰਸੀ ਨੇ ਸੈਨਾ ਸੂਤਰਾਂ ਦੇ ਹਵਾਲੇ ਤੋਂ ਇਸ ਘਟਨਾ ਦਾ ਵੀਡੀਓ ਪੋਸਟ ਕੀਤਾ ਹੈ। ਇਸ ‘ਚ ਸੈਨਾ ਨੂੰ ਅੱਤਵਾਦੀਆਂ ‘ਤੇ ਬੰਬ ਵਰ੍ਹਾਉਂਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪੈਸ਼ਲ ਸਰਵਿਸ ਗਰੁੱਪ ਦੇ ਅੱਤਵਾਦੀਆਂ ਨੂੰ ਮਾਰਨ ਲਈ ਸੈਨਾ ਨੇ ਪੀਓਕੇ ਹਾਜੀਪੀਰ ਸੈਕਟਰ ‘ਚ ਬੰਬ ਦਾਗੇ।


ਭਾਰਤੀ ਸੈਨਾ ਨੇ ਅਗਸਤ ‘ਚ ਪਾਕਿ ਸੈਨਿਕਾਂ ਤੇ ਅੱਤਵਾਦੀਆਂ ਦੀ ਘੁਸਪੈਠ ਦੀਆਂ 15 ਕੋਸ਼ਿਸ਼ਾਂ ਨਾਕਾਮ ਕੀਤੀਆਂ ਹਨ। ਪਿਛਲੇ ਮਹੀਨੇ ਪਾਕਿ ਦੀ ਬੈਟ ਟੀਮ ਨੇ ਕੇਰਨ ਸੈਕਟਰ ‘ਚ ਐਲਓਸੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ‘ਚ ਜਵਾਬੀ ਕਾਰਵਾਈ ‘ਚ ਭਾਰਤੀ ਸੈਨਾ ਨੇ 5-7 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

ਅੱਤਵਾਦੀ ਤੇ ਪਾਕਿ ਸੈਨਾ ਮਿਲਕੇ ਐਲਓਸੀ ‘ਤੇ ਘੁਸਪੈਠ ਕਰਨ ਲਈ ਬੀਏਟੀ ਆਪ੍ਰੇਸ਼ਨ ਚਲਾ ਰਹੀਆਂ ਹਨ। ਜੈਸ਼ ਦੇ ਅੱਤਵਾਦੀ ਕਸ਼ਮੀਰ ‘ਚ ਵੱਡੇ ਧਮਾਕਿਆਂ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਐਲਓਸੀ ‘ਚ ਕਈ ਟ੍ਰੇਨਿੰਗ ਕੈਂਪ ਐਕਟੀਵੇਟ ਕਰ ਲਏ ਹਨ।