ਕੁਪਵਾੜਾ 'ਚ ਮਾਰੇ ਗਏ ਅੱਤਵਾਦੀ ਪਾਕਿਸਤਾਨੀ ਫੌਜ ਨੇ ਭੇਜੇ ! ਭਾਰਤੀ ਫੌਜ ਦਾ ਵੱਡਾ ਦਾਅਵਾ, ਜਾਣੋ ਹੋਰ ਕੀ ਕਿਹਾ
Operation Dhanush: ਸੈਨਾ ਦੀ ਚਿਨਾਰ ਕੋਰ ਨੇ ਕਿਹਾ ਕਿ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਕੇਰਨ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਭਾਰਤੀ ਫੌਜ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ।
Operation Dhanush: ਫੌਜ ਨੇ ਐਤਵਾਰ (14 ਜੁਲਾਈ) ਨੂੰ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਐਲਓਸੀ ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅਣਪਛਾਤੇ ਅੱਤਵਾਦੀਆਂ ਨੂੰ ਮਾਰ ਦਿੱਤਾ। ਨਾਲ ਹੀ, ਭਾਰਤੀ ਫੌਜ ਨੇ ਪਾਕਿਸਤਾਨੀ ਫੌਜ 'ਤੇ ਕਸ਼ਮੀਰ ਘਾਟੀ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਕਵਰ ਫਾਇਰ ਦੇਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ, ਫੌਜ ਨੇ ਇਹ ਵੀ ਕਿਹਾ ਕਿ ਕੰਟਰੋਲ ਰੇਖਾ ਦੇ ਪਾਰ ਲਾਂਚ ਪੈਡ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਤੇ ਪਾਕਿਸਤਾਨੀ ਫੌਜ ਇਨ੍ਹਾਂ ਕੈਂਪਾਂ ਤੋਂ ਸੰਚਾਲਿਤ ਅੱਤਵਾਦੀਆਂ ਨੂੰ ਰਸਦ ਅਤੇ ਫੌਜੀ ਮਦਦ ਪ੍ਰਦਾਨ ਕਰ ਰਹੀ ਹੈ।
ਫੌਜ ਦੇ ਚਿਨਾਰ ਕੋਰ ਦੇ ਕਮਾਂਡਰ ਬ੍ਰਿਗੇਡੀਅਰ ਐੱਨ.ਐੱਲ. ਕੁਲਕਰਨੀ ਨੇ ਦੱਸਿਆ ਕਿ ਆਪ੍ਰੇਸ਼ਨ ਧਨੁਸ਼-2 ਦੇ ਤਹਿਤ ਭਾਰਤੀ ਫੌਜ ਨੇ ਨਾ ਸਿਰਫ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ ਸਗੋਂ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। 14 ਜੁਲਾਈ ਨੂੰ ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਖੁਫੀਆ ਏਜੰਸੀਆਂ ਵੱਲੋਂ ਸ਼ੁਰੂ ਕੀਤੇ ਗਏ ਸਾਂਝੇ ਆਪ੍ਰੇਸ਼ਨ ਵਿੱਚ ਕੇਰਨ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਇਸ ਆਪਰੇਸ਼ਨ 'ਚ ਤਿੰਨ ਅੱਤਵਾਦੀ ਮਾਰੇ ਗਏ।
ਭਾਰਤੀ ਫੌਜ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਆਪਰੇਸ਼ਨ ਖੁਫੀਆ ਸੂਚਨਾ ਦੇ ਆਧਾਰ 'ਤੇ ਕੀਤਾ ਗਿਆ ਸੀ। ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ 9 ਮੈਗਜ਼ੀਨਾਂ ਸਮੇਤ ਤਿੰਨ ਏਕੇ 47 ਰਾਈਫਲਾਂ, 8 ਮੈਗਜ਼ੀਨਾਂ ਸਮੇਤ 4 ਪਿਸਤੌਲ, 6 ਹੈਂਡ ਗਰਨੇਡ, ਸਿਗਰੇਟ ਅਤੇ ਪਾਕਿਸਤਾਨੀ ਬ੍ਰਾਂਡ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਫੌਜ ਨੇ ਪਿਛਲੇ ਇੱਕ ਮਹੀਨੇ ਦੌਰਾਨ ਐਲਓਸੀ ਦੇ ਨੇੜੇ ਅੱਤਵਾਦੀ ਗਤੀਵਿਧੀਆਂ ਦਾ ਪਤਾ ਲਗਾਉਣ ਤੋਂ ਬਾਅਦ ਹੀ ਆਪ੍ਰੇਸ਼ਨ ਧਨੁਸ਼-2 ਨਾਮ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਬ੍ਰਿਗੇਡੀਅਰ ਕੁਲਕਰਨੀ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਘੁਸਪੈਠ ਕਰ ਰਹੇ ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਨਾਲ ਭਾਰਤੀ ਫੌਜ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਦਕਿ ਭਾਰਤੀ ਫੌਜ ਨੇ ਵੀ ਮੂੰਹਤੋੜ ਜਵਾਬ ਦਿੱਤਾ ਅਤੇ ਉਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਬ੍ਰਿਗੇਡੀਅਰ ਨੇ ਕਿਹਾ ਕਿ ਅੱਤਵਾਦੀ ਘਾਟੀ ਵਿੱਚ ਸ਼ਾਂਤੀ ਭੰਗ ਕਰਨ ਅਤੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਅੰਦਰੂਨੀ ਖੇਤਰਾਂ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਕੰਟਰੋਲ ਰੇਖਾ 'ਤੇ ਅਜਿਹੇ ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਫੌਜ ਵੀ ਸਖਤ ਚੌਕਸੀ ਰੱਖ ਰਹੀ ਹੈ।