ਨਵੀਂ ਦਿੱਲੀ: ਆਪਣੀਆਂ ਪਤਨੀਆਂ ਛੱਡ ਵਿਦੇਸ਼ ਭੱਜੇ 25 ਐੱਨਆਰਆਈ ਲਾੜਿਆਂ ਦੇ ਪਾਸਪੋਰਟਾਂ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ, ਸਰਕਾਰ ਨੇ ਇਨ੍ਹਾਂ ਸਾਬਕਾ ਪਾਸਪੋਰਟ ਧਾਰਕਾਂ ਦੇ ਵੇਰਵੇ ਨਸ਼ਰ ਨਹੀਂ ਕੀਤੇ ਹਨ, ਸਿਰਫ਼ ਗਿਣਤੀ ਹੀ ਦੱਸੀ ਹੈ।

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੱਦ ਕੀਤੇ ਇਨ੍ਹਾਂ ਪਾਸਪੋਰਟਾਂ ’ਚੋਂ ਅੱਠ ਨੂੰ ਖਾਰਜ ਕਰਨ ਦੀ ਸਿਫਾਰਸ਼ ਮੰਤਰਾਲੇ ਨੇ ਹੀ ਕੀਤੀ ਸੀ ਜਦਕਿ ਬਾਕੀ ਕੇਸਾਂ ’ਚ ਪੁਲੀਸ ਨੇ ਕਾਰਵਾਈ ਦੀ ਮੰਗ ਕੀਤੀ ਸੀ।

ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ, ‘ਸਾਨੂੰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਐੱਨਆਰਆਈ ਲਾੜੇ ਆਪਣੀਆਂ ਪਤਨੀਆਂ ਪ੍ਰਤੀ ਬੇਪ੍ਰਵਾਹ ਹਨ। ਉਨ੍ਹਾਂ ਖ਼ਿਲਾਫ਼ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇ।’ ਪਾਸਪੋਰਟ ਰੱਦ ਕੀਤੇ ਜਾਣ ਮਗਰੋਂ ਪੁਲਿਸ ਕੋਲ ਅਜਿਹੇ ਵਿਅਕਤੀਆਂ ਨੂੰ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਅਧਿਕਾਰ ਹੈ।