ਬੈਂਗਲੁਰੂ : ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਗੌਰੀ ਲੰਕੇਸ਼ ਨੂੰ ਮੰਗਲਵਾਰ ਰਾਤ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ। ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਇਸ ਭਿਆਨਕ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਬਦਮਾਸ਼ਾਂ ਨੇ ਗੌਰੀ ਦੇ ਘਰ ਵਿੱਚ ਦਾਖਲ ਹੋ ਕੇ ਸੱਤ ਗੋਲੀਆਂ ਚਲਾਈਆਂ।
ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਗੌਰੀ ਲੰਕੇਸ਼ ਨੂੰ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲੇ ਹੱਤਿਆ ਪਿਛਲੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ। ਪੁਲਸ ਵਲੋਂ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਪ੍ਰਸਿੱਧ ਕੰਨੜ ਪੱਤਰਕਾਰ ਅਤੇ ਲੰਕਾਸ਼ ਮੈਗਜ਼ੀਨ ਦੀ ਸੰਪਾਦਕ ਗੌਰੀ ਲੰਕੇਸ਼ ਨੂੰ ਇੱਕ ਦਲੇਰ ਪੱਤਕਰਾਰ ਦੱਸਿਆ ਜਾਂਦਾ ਹੈ। ਉਸਨੂੰ ਹਿੰਦੂ ਬ੍ਰਿਗੇਡ ਦੀ ਅਲੋਚਕ ਵਜੋਂ ਅਤੇ ਦਲਿਤਾਂ ਦੀ ਆਵਾਜ ਵੱਜੋਂ ਵੀ ਜਾਣਿਆ ਜਾਂਦਾ ਹੈ। ਪ੍ਰੈੱਸ ਕਲੱਬ ਆਫ ਇੰਡੀਆ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਨੇ ਗੌਰੀ ਲੰਕੇਸ਼ ਦੀ ਹੱਤਿਆ ਦੀ ਨਿੰਦਾ ਕੀਤੀ ਹੈ।