ਨਵੀਂ ਦਿੱਲੀ: ਪਿਛਲੇ ਵਰ੍ਹੇ 10 ਸਤੰਬਰ ਨੂੰ ਜਲ ਸੈਨਾ ਦੀਆਂ ਛੇ ਮਹਿਲਾ ਅਫ਼ਸਰ ਸਮੁੰਦਰੀ ਰਸਤੇ ਦੁਨੀਆ ਨਾਪਣ ਤੁਰੀਆਂ ਸਨ। ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੀ ਟੀਮ ਨੇ 26 ਹਜ਼ਾਰ ਸਮੁੰਦਰੀ ਮੀਲ ਦਾ ਸਫ਼ਰ ਤੈਅ ਕੀਤਾ।


 

ਇਨ੍ਹਾਂ ਦਲੇਰ ਮਹਿਲਾਵਾਂ ਨੂੰ ਕਦੀ 140 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਨੇ ਰੋਕਿਆ ਤੇ ਕਦੀ ਇਨ੍ਹਾਂ ਨੂੰ 10-10 ਮੀਟਰ ਉੱਚੀਆਂ ਸਮੁੰਦਰੀ ਲਹਿਰਾਂ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਤੇ ਆਪਣੇ ਮਿਸ਼ਨ ’ਤੇ ਡਟੀਆਂ ਰਹੀਆਂ। ਛੇ ਮਹਿਲਾਵਾਂ ਦੀ ਇਹ ਟੀਮ ਅੱਜ ਭਾਰਤ ਵਾਪਸ ਆ ਰਹੀ ਹੈ। ਗੋਆ ਤੱਟ ’ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਇਨ੍ਹਾਂ ਦਾ ਸਵਾਗਤ ਕਰਨਗੇ।

 

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ 55 ਫੁੱਟ ਦੀ ਕਿਸ਼ਤੀ ’ਤੇ ਸਵਾਰ ਹੋ ਕੇ ਸਮੁੰਦਰ ਦੀਆਂ ਲਹਿਰਾਂ ’ਤੇ ਨਿਕਲੀਆਂ ਸਨ। ਟਰੇਨਰ ਕਮਾਂਡਰ ਦਿਲੀਪ ਡੋਂਡੇ ਨੇ ਇੱਕ ਨਸੀਹਤ ਦਿੱਤੀ ਸੀ ਜੋ ਪੂਰੇ ਸਫ਼ਰ ਵਿੱਚ ਉਨ੍ਹਾਂ ਦੇ ਕੰਮ ਆਈ, ਉਹ ਇਹ ਕਿ ਕਿਸ਼ਤੀ ਤੇ ਸਮੁੰਦਰ ਇਹ ਨਹੀਂ ਜਾਣਦੇ ਕਿ ਤੁਸੀਂ ਕੁੜੀਆਂ ਹੋ, ਇਸ ਲਈ ਕਿਸ਼ਤੀ ’ਤੇ ਸਵਾਰ ਹੋਣ ਤੋਂ ਪਹਿਲਾਂ ਆਪਣਾ ਜੈਂਡਰ ਬਾਹਰ ਛੱਡ ਕੇ ਜਾਣਾ।

 

ਉਨ੍ਹਾਂ ਦੱਸਿਆ ਕਿ ਜਦੋਂ 140 ਕਿਲੋਮੀਟਰ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲਦੀਆਂ ਸਨ ਤਾਂ ਕਿਸ਼ਤੀ ਹਿਚਕੋਲੇ ਖਾਂਦੀ ਸੀ ਪਰ ਹੌਸਲਾ ਨਹੀਂ ਛੱਡਿਆ। ਦੱਖਣ ਅਫ਼ਰੀਕਾ ਦੇ ਕੋਲ਼ ਉਹ ਲਗਾਤਾਰ 3 ਦਿਨ ਤੂਫ਼ਾਨ ਵਿੱਚ ਫਸੀਆਂ ਰਹੀਆਂ। ਜੋ ਵੀ ਕਿਸ਼ਤੀ ਦਾ ਵੀਲ੍ਹ ਸੰਭਾਲਦਾ ਸੀ, ਉਸ ਦੇ ਹੱਥ ਜੰਮ੍ਹ ਜਾਂਦੇ ਸੀ।

 

ਉਨ੍ਹਾਂ ਦੱਸਿਆ ਕਿ ਕਿਸ਼ਤੀ ’ਤੇ ਉਨ੍ਹਾਂ ਨੂੰ ਸਫ਼ਾਈ, ਖਾਣਾ ਬਣਾਉਣਾ, ਭਾਂਡੇ ਮਾਂਝਣਾ ਆਦਿ ਸਭ ਆਪ ਹੀ ਕਰਨਾ ਪੈਂਦਾ ਸੀ। ਇਸ ਦੇ ਨਾਲ ਕਿਸ਼ਤੀ ਵੀ ਕੰਟਰੋਲ ਕਰਨੀ ਪੈਂਦੀ ਸੀ ਪਰ ਟੀਮ ਵਰਕ ਨਾਲ ਇਹ ਸਭ ਆਸਾਨ ਹੋ ਗਿਆ। ਕਈ ਵਾਰ ਤਾਂ 3-3 ਦਿਨਾਂ ਤਕ ਉਨ੍ਹਾਂ ਦੀ ਆਪਸ ਵਿੱਚ ਗੱਲ ਹੀ ਨਹੀਂ ਹੁੰਦੀ ਸੀ।

 

ਹਰ 7 ਤੋਂ 10 ਦਿਨਾਂ ਵਿੱਚ ਉਨ੍ਹਾਂ ਦਾ ਟਾਈਮ ਜ਼ੋਨ ਬਦਲ ਜਾਂਦਾ ਸੀ। ਬਦਲਦੇ ਹੋਏ ਟਾਈਮ ਜ਼ੋਨ ਦੇ ਹਿਸਾਬ ਨਾਲ ਵਾਰ ਵਾਰ ਉਨ੍ਹਾਂ ਨੂੰ ਆਪਣੀ ਘੜੀ ਵੀ ਉਸ ਹਿਸਾਬ ਨਾਲ ਸੈੱਟ ਕਰਨੀ ਪੈਂਦੀ ਸੀ। ਇਸ ਤਰ੍ਹਾਂ ਕਰਨ ਨਾਲ ਕਦੀ ਉਮਰ ਵਿੱਚ ਇੱਕ ਦਿਨ ਜੁੜ ਜਾਂਦਾ ਤੇ ਕਦੀ ਇੱਕ ਦਿਨ ਘਟ ਜਾਂਦਾ ਸੀ। ਇੱਕ ਵਾਰ ਤਾਂ ਉਨ੍ਹਾਂ ਕੋਲ ਪਾਣੀ ਵੀ ਖ਼ਤਮ ਹੋ ਗਿਆ ਸੀ। ਫਿਰ ਉਨ੍ਹਾਂ ਨੇ ਮੀਂਹ ਦਾ ਪਾਣੀ ਇਕੱਠਾ ਕੀਤਾ। ਰਾਤ ਦੇ ਸਮੇਂ ਸਮੁੰਦਰ ਦੀ ਚੁੱਪ ਵਿੱਚ ਉਹ ਆਪ ਵੀ ਸ਼ਾਂਤ ਹੋ ਜਾਂਦੀਆ ਸੀ।