'ਭਾਰਤੀ ਔਰਤ ਆਪਣੇ ਪਤੀ ਨੂੰ ਸਾਂਝਾ ਕਰਨਾ ਸਵੀਕਾਰ ਨਹੀਂ ਕਰ ਸਕਦੀ', ਹਾਈ ਕੋਰਟ ਦੀ ਟਿੱਪਣੀ
ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਹ ਕਾਰਨ ਆਪਣੇ ਆਪ ਵਿੱਚ ਖੁਦਕੁਸ਼ੀ ਕਰਨ ਲਈ ਕਾਫੀ ਹੈ। ਪਤਨੀ ਨੇ ਇਹ ਦੋਸ਼ ਲਗਾਉਂਦਿਆਂ ਖੁਦਕੁਸ਼ੀ ਕਰ ਲਈ ਸੀ ਕਿ ਪਤੀ ਪਹਿਲਾਂ ਹੀ ਸ਼ਾਦੀਸ਼ੁਦਾ ਸੀ,
ਲਖਨਾਊ: ਇਲਾਹਾਬਾਦ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਹੈ ਕਿ ਕੋਈ ਵੀ ਭਾਰਤੀ ਔਰਤ ਆਪਣੇ ਪਤੀ ਨੂੰ ਸ਼ੇਅਰ ਕਰਨਾ ਸਵੀਕਾਰ ਨਹੀਂ ਕਰ ਸਕਦੀ। ਜੇਕਰ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਦਾ ਪਤੀ ਵਿਆਹਿਆ ਹੋਇਆ ਹੈ ਜਾਂ ਫਿਰ ਉਹ ਦੂਜੇ ਵਿਆਹ ਦੀ ਤਿਆਰੀ ਕਰ ਰਿਹਾ ਹੈ, ਤਾਂ ਉਸ ਤੋਂ ਸਿਆਣਪ ਦੀ ਉਮੀਦ ਕਰਨਾ ਅਸੰਭਵ ਹੈ।
ਇਹ ਟਿੱਪਣੀ ਜਸਟਿਸ ਰਾਹੁਲ ਚਤੁਰਵੇਦੀ ਦੇ ਬੈਂਚ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਦੇ ਹੋਏ ਕੀਤਾ ਤੇ ਪਟੀਸ਼ਨਕਰਤਾ ਦੇ ਪਤੀ ਸੁਸ਼ੀਲ ਕੁਮਾਰ ਲਈ ਕਿਹਾ ਕਿ ਇਹ ਆਈਪੀਸੀ ਦੀ ਧਾਰਾ 306 ਦੇ ਤਹਿਤ ਅਪਰਾਧ ਜਾਪਦਾ ਹੈ। ਦਰਅਸਲ, ਵਾਰਾਣਸੀ ਦੇ ਮਦੁਆਡੀਹ ਥਾਣੇ 'ਚ ਪਤਨੀ ਦੀ ਖੁਦਕੁਸ਼ੀ ਦਾ ਮਾਮਲਾ ਦਰਜ ਹੋਇਆ ਸੀ, ਜਿਸ 'ਚ ਉਸ ਦੇ ਪਤੀ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਇਲਾਹਾਬਾਦ ਹਾਈ ਕੋਰਟ ਨੇ ਪਟੀਸ਼ਨਕਰਤਾ ਸੁਸ਼ੀਲ ਕੁਮਾਰ ਤੇ 6 ਹੋਰਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹਾਈਕੋਰਟ ਨੇ ਕਿਹਾ ਹੈ ਕਿ ਭਾਰਤੀ ਪਤਨੀਆਂ ਆਪਣੇ ਪਤੀਆਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦੀਆਂ ਹਨ। ਔਰਤ ਨੂੰ ਇਹ ਪਤਾ ਲੱਗ ਜਾਵੇ ਕਿ ਉਸ ਦਾ ਪਤੀ ਸਾਂਝਾ ਕੀਤਾ ਜਾ ਰਿਹਾ ਹੈ ਜਾਂ ਦੂਜਾ ਵਿਆਹ ਕਰਨ ਜਾ ਰਿਹਾ ਹੈ ਤਾਂ ਇਹ ਉਸ ਲਈ ਬਹੁਤ ਵੱਡਾ ਝਟਕਾ ਹੈ।
ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਹ ਕਾਰਨ ਆਪਣੇ ਆਪ ਵਿੱਚ ਖੁਦਕੁਸ਼ੀ ਕਰਨ ਲਈ ਕਾਫੀ ਹੈ। ਪਤਨੀ ਨੇ ਇਹ ਦੋਸ਼ ਲਗਾਉਂਦਿਆਂ ਖੁਦਕੁਸ਼ੀ ਕਰ ਲਈ ਸੀ ਕਿ ਪਤੀ ਪਹਿਲਾਂ ਹੀ ਸ਼ਾਦੀਸ਼ੁਦਾ ਸੀ, ਜਿਸ ਦੇ ਦੋ ਬੱਚੇ ਵੀ ਹਨ ਤੇ ਬਿਨਾਂ ਤਲਾਕ ਲਏ ਤੀਸਰਾ ਵਿਆਹ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨਾਲ ਕੁੱਟਮਾਰ ਤੇ ਮਾਨਸਿਕ ਤੌਰ 'ਤੇ ਤਸ਼ੱਦਦ ਕੀਤਾ ਜਾਣ ਲੱਗਾ।
ਇਸ ਮਾਮਲੇ 'ਚ ਜਦੋਂ ਐਡੀਸ਼ਨਲ ਸੈਸ਼ਨ ਕੋਰਟ ਨੇ ਪਟੀਸ਼ਨਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਤਾਂ ਉਸ ਨੇ ਇਲਾਹਾਬਾਦ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਚਲਾਉਣ ਲਈ ਕਾਫੀ ਸਮੱਗਰੀ ਮੌਜੂਦ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਪਤੀ ਨੇ 2018 ਵਿੱਚ ਹੀ ਤੀਜੀ ਵਾਰ ਵਿਆਹ ਕਰਵਾਇਆ ਹੈ ਤਾਂ ਇਹ ਪਤਨੀ ਦੀ ਖੁਦਕੁਸ਼ੀ ਦਾ ਮੁੱਖ ਕਾਰਨ ਹੈ।