ਨਵੀਂ ਦਿੱਲੀ: ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਵੀਰਵਾਰ ਦਿੱਲੀ 'ਚ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਿਜ਼ (ILBS) ਹਸਪਤਾਲ 'ਚ ਕਰ ਦਿੱਤੀ ਗਈ। ਪਲਾਜ਼ਮਾ ਦਾਨ ਲਈ ਸਖ਼ਤ ਸ਼ਰਤਾਂ ਰੱਖੀਆਂ ਗਈਆਂ ਹਨ। ਪਲਾਜ਼ਮਾ ਬੈਂਕ ਸਵੇਰ ਅੱਠ ਵਜੇ ਤੋਂ ਰਾਤ ਅੱਠ ਵਜੇ ਤਕ ਖੁੱਲ੍ਹਾ ਰਹੇਗਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪਲਾਜ਼ਮਾ ਬੈਂਕ ਉਦੋਂ ਸਫਲ ਹੋਵੇਗਾ, ਜਦੋਂ ਲੋਕ ਅੱਗੇ ਆ ਕੇ ਪਲਾਜ਼ਮਾ ਦਾਨ ਕਰਨਗੇ। ਦਾਨੀਆਂ ਨੂੰ ਸਰਕਾਰ ਸਨਮਾਨ ਪੱਤਰ ਦੇਵੇਗੀ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਪਲਾਜ਼ਮਾ ਦਾਨ ਲਈ ਉਤਸ਼ਾਹਿਤ ਕਰਨ।
ਕੇਜਰੀਵਾਲ ਨੇ ILBS ਦਾ ਦੌਰਾ ਕਰਕੇ ਪਲਾਜ਼ਮਾ ਬੈਂਕ ਦਾ ਜਾਇਜ਼ਾ ਲਿਆ ਤੇ ਪਲਾਜ਼ਮਾ ਦਾਨੀਆਂ ਨਾਲ ਗੱਲਬਾਤ ਕੀਤੀ। ਪਹਿਲੇ ਹੀ ਦਿਨ ਕਈ ਲੋਕ ਪਲਾਜ਼ਮਾ ਦਾਨ ਕਰਨ ਲਈ ਪਹੁੰਚੇ। ਇੱਥੋਂ ਤਕ ਕਿ ILBS ਦੇ ਉਨ੍ਹਾਂ ਕਰਮਚਾਰੀਆਂ ਨੇ ਵੀ ਪਲਾਜ਼ਮਾ ਦਾਨ ਕੀਤਾ ਜੋ ਹਾਲ ਹੀ 'ਚ ਕੋਵਿਡ-19 ਤੋਂ ਠੀਕ ਹੋਏ ਹਨ।
ਪਲਾਜ਼ਮਾ ਦਾਨ ਕਰਨ ਵਾਲੇ ਦੀ ਪਹਿਲਾਂ ਕਾਊਂਸਲਿੰਗ ਤੇ ਸਕਰੀਨਿੰਗ ਕੀਤੀ ਜਾਂਦੀ ਹੈ। ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ "ਅਸੀਂ ਟੀਟੀਆਈ ਜਾਂਚ ਕਰਦੇ ਹਾਂ। ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਐਚਆਈਵੀ, ਹੈਪੇਟਾਈਟਸ ਬੀ ਜਾਂ ਸੀ, ਸਿਫਲਿਸ ਆਦਿ ਰੋਗ ਨਹੀਂ ਹੋਣੇ ਚਾਹੀਦੇ। ਕੋਰੋਨਾ ਤੋਂ 14 ਦਿਨ ਪਹਿਲਾਂ ਠੀਕ ਹੋ ਚੁੱਕੇ 18 ਤੋਂ 60 ਸਾਲ ਦੇ ਸਿਹਤਮੰਦ ਲੋਕ ਹੀ ਪਲਾਜ਼ਮਾ ਦਾਨ ਕਰ ਸਕਣਗੇ।"
ਪਲਾਜ਼ਮਾ ਦਾਨ ਕਰਨ ਲਈ ਜਾਰੀ ਹੈਲਪਲਾਈਨ ਨੰਬਰ 1031 'ਤੇ ਫੋਨ ਜਾਂ 88000-07722 ਨੰਬਰ 'ਤੇ ਵ੍ਹਟਸਐਪ ਕਰ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ। ਇਸ ਤੋਂ ਬਾਅਦ ਡਾਕਟਰ ਫੋਨ 'ਤੇ ਸੰਪਰਕ ਕਰਨਗੇ। ਦਾਨੀ ਨੂੰ ਹਸਪਤਾਲ ਲਿਆਉਣ ਲਈ ਗੱਡੀ ਭੇਜੀ ਜਾਵੇਗੀ ਜਾਂ ਫਿਰ ਉਹ ਆਪਣੇ ਵਾਹਨ ਜਾਂ ਟੈਕਸੀ 'ਤੇ ਵੀ ਆ ਸਕਦੇ ਹਨ। ਉਨ੍ਹਾਂ ਦਾ ਖ਼ਰਚਾ ਸਰਕਾਰ ਦੇਵੇਗੀ। ਨਿੱਜੀ ਪੱਧਰ 'ਤੇ ਪਲਾਜ਼ਮਾ ਨਹੀਂ ਦਿੱਤਾ ਜਾਵੇਗਾ। ਡਾਕਟਰ ਹੀ ਦੱਸਣਗੇ ਕਿ ਕਿਸ ਮਰੀਜ਼ ਨੂੰ ਪਲਾਜ਼ਮੇ ਦੀ ਜ਼ਰੂਰਤ ਹੈ ਤੇ ਉਹ ਹੀ ਆਈਐੱਲਬੀਐੱਸ ਹਸਪਤਾਲ ਨਾਲ ਸੰਪਰਕ ਕਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ