ਭਿਵਾਨੀ: ਸਰਕਾਰ ਖਿਡਾਰੀਆਂ ਲਈ ਚੰਗੀ ਖੇਡ ਨੀਤੀ ਬਣਾਉਣ ਦੇ ਚਾਹੇ ਕਿੰਨੇ ਵੀ ਦਾਅਵੇ ਕਰ ਲਏ ਪਰ ਦਾਅਵੇ ਹਰ ਵਾਰ ਹਵਾਈ ਹੀ ਸਾਬਤ ਹੋਏ ਹਨ। ਇਸ ਸਬੰਧੀ ਤਾਜ਼ਾ ਮਾਮਲਾ ਬੌਕਸਿੰਗ ਦੇ ਰਿੰਗ ਵਿੱਚ ਕੌਮਾਂਤਰੀ ਮੈਚ ਜਿੱਤ ਕੇ ਦੇਸ਼ ਤੇ ਹਰਿਆਣਾ ਸੂਬੇ ਦਾ ਨਾਂ ਚਮਕਾਉਣ ਵਾਲਾ ਖਿਡਾਰੀ ਦਿਨੇਸ਼ ਕੁਮਾਰ ਦਾ ਹੈ, ਜੋ ਇਨ੍ਹੀਂ ਦਿਨੀਂ ਕੁਲਫੀਆਂ ਦੀ ਰੇਹੜੀ ਲੈ ਕੇ ਫੇਰੀ ਲਾ ਰਿਹਾ ਹੈ। ਅਜਿਹਾ ਉਸ ਨੂੰ ਇਸ ਲਈ ਕਰਨਾ ਪੈ ਰਿਹਾ ਹੈ, ਕਿਉਂਕਿ ਉਸ ਦੇ ਪਿਤਾ ਨੇ ਕਿਸੇ ਦਾ ਕਰਜ਼ਾ ਦੇਣਾ ਹੈ। ਇਹ ਕਰਜ਼ਾ ਉਨ੍ਹਾਂ ਬਿਮਾਰੀ ਦੀ ਹਾਲਤ ਵਿੱਚ ਲਿਆ ਸੀ ਜੋ ਆਰਥਕ ਤੰਗੀ ਕਾਰਨ ਵਾਪਸ ਨਹੀਂ ਕਰ ਪਾ ਰਹੇ। ਇਸ ਲਈ ਪੈਸੇ ਜੁਟਾਉਣ ਲਈ ਉਹ ਪ੍ਰਤੀ ਦਿਨ ਰੇਲਵੇ ਫਾਟਕ ਕੋਲ ਫੇਰੀ ਲਾ ਕੇ ਕੁਲਫੀਆਂ ਵੇਚ ਰਿਹਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸੜਕ ਦੁਰਘਟਨਾ ਵਿੱਚ ਦਿਨੇਸ਼ ਨੂੰ ਸੱਟ ਲੱਗ ਗਈ ਸੀ। ਇਸ ਕਰਕੇ ਉਸ ਦੇ ਪਿਤਾ ਨੇ ਇਲਾਜ ਲਈ ਪੈਸੇ ਉਧਾਰ ਲੈ ਲਏ। ਇਲਾਜ ਦੌਰਾਨ ਦਿਨੇਸ਼ ਦੀ ਜਾਨ ਤਾਂ ਬਚ ਗਈ, ਪਰ ਉਹ ਕਰਜ਼ਾਈ ਹੋ ਗਏ। ਹੁਣ ਸੱਟ ਲੱਗਣ ਕਾਰਨ ਉਹ ਖੇਡ ਵੀ ਨਹੀਂ ਪਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਕਰਜ਼ੇ ਦਾ ਵਿਆਜ ਵੀ ਕਾਫੀ ਜਮ੍ਹਾ ਹੋ ਗਿਆ ਹੈ।

ਦਿਨੇਸ਼ ਦੇ ਪਿਤਾ ਵੀ ਰੇਹੜੀ ’ਤੇ ਫੇਰੀ ਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਕਈ ਵਾਰ ਦੂਰ-ਦੁਰਾਡੇ ਖੇਡਣ ਜਾਣ ਲਈ ਵੀ ਦਿਨੇਸ਼ ਨੂੰ ਪੈਸੇ ਉਧਾਰ ਲੈਣੇ ਪੈਂਦੇ ਸਨ। ਉਸ ਦੇ ਪਿਤਾ ਦਾ ਸੁਫਨਾ ਸੀ ਕਿ ਉਨ੍ਹਾਂ ਦਾ ਮੁੰਡਾ ਵਧੀਆ ਬੌਕਸਰ ਬਣੇ ਤੇ ਦੇਸ਼ ਦਾ ਨਾਂ ਰੌਸ਼ਨ ਕਰੇ। ਦਿਨੇਸ਼ ਆਪਣੇ ਪਿਤਾ ਦਾ ਸੁਫਨਾ ਪੂਰਾ ਕਰਨ ਦੇ ਰਾਹ ਤੁਰਿਆ ਤਾਂ ਸੀ, ਪਰ ਸੱਟ ਲੱਗਣ ਕਾਰਨ ਉਸ ਦਾ ਸਫ਼ਰ ਅੱਧ-ਵਿਚਾਲੇ ਹੀ ਰਹਿ ਗਿਆ।

ਦਿਨੇਸ਼ ਨੇ ਆਪਣੇ ਖੇਡ ਕਰੀਅਰ ਦੌਰਾਨ 17 ਸੋਨੇ ਦੇ, ਇੱਕ ਚਾਂਦੀ ਦਾ ਤੇ 5 ਕਾਂਸੀ ਦੇ ਤਗਮੇ ਹਾਸਲ ਕੀਤੇ ਸਨ। ਖੇਡ ਵਿੱਚ ਇੰਨਾ ਮਾਣ ਹਾਸਲ ਕਰਨ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ। ਇਸ ਸਬੰਧੀ ਦਿਨੇਸ਼ ਨੇ ਸਰਕਾਰ ’ਤੇ ਰੋਸ ਵੀ ਜਤਾਇਆ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਕੁਲਫੀ ਦੀ ਰੇਹੜੀ ਚਲਾਉਣ ਵਿੱਚ ਮਦਦ ਕਰਦਾ ਹੈ ਤਾਂ ਕਿ ਘੱਟੋ-ਘੱਟ ਕਰਜ਼ੇ ਦਾ ਵਿਆਜ ਤਾਂ ਅਦਾ ਕੀਤਾ ਜਾ ਸਕੇ।

ਦਿਨੇਸ਼ ਦੇ ਕੋਚ ਵਿਸ਼ਣੂ ਭਗਵਾਨ ਨੇ ਇਸ ਸਬੰਧੀ ਦੱਸਿਆ ਕਿ ਦਿਨੇਸ਼ ਕਾਫੀ ਤੇਜ਼-ਤਰਾਰ ਖਿਡਾਰੀ ਸੀ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜੇ ਦਿਨੇਸ਼ ਦੀ ਮਦਦ ਕੀਤੀ ਜਾਏ ਤਾਂ ਉਹ ਕਰਜ਼ੇ ਦੇ ਬੋਝ ਤੋਂ ਮੁਕਤੀ ਪਾ ਸਕਦਾ ਹੈ ਤੇ ਉਸ ਦਾ ਭਵਿੱਖ ਵੀ ਸਵਰ ਜਾਏਗਾ।