ਨਵੀਂ ਦਿੱਲੀ: ਵਧ ਰਹੇ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਨੇ ਸਖ਼ਤਾਈ ਕਰਦਿਆਂ 15 ਸਾਲ ਪੁਰਾਣੇ ਪੈਟਰੋਲ ’ਤੇ ਚੱਲਣ ਵਾਲੇ ਤੇ 10 ਸਾਲ ਪੁਰਾਣੇ ਡੀਜ਼ਲ ’ਤੇ ਚੱਲਣ ਵਾਲੇ ਵਾਹਨਾਂ ਉੱਤੇ ਦਿੱਲੀ-ਐਸਸੀਆਰ ਵਿੱਚ ਅੱਜ ਤੋਂ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਟਰਾਂਸਪੋਰਟ ਵਿਭਾਗ ਨੂੰ ਸੜਕਾਂ 'ਤੇ ਚੱਲਣ ਵਾਲੇ ਅਜਿਹੇ ਵਾਹਨਾਂ ਨੂੰ ਤੁਰੰਤ ਜ਼ਬਤ ਕਰਨ ਲਈ ਵੀ ਹਦਾਇਤ ਕੀਤੀ ਹੈ। ਟ੍ਰਾਂਸਪੋਰਟ ਵਿਭਾਗ ਨੂੰ ਅਜਿਹੇ ਵਾਹਨਾਂ ਦੀ ਪੂਰੀ ਜਾਣਕਾਰੀ ਦੀ ਲਿਸਟ ਵੈੱਬਸਾਈਟ 'ਤੇ ਅਪਲੋਡ ਕਰਨ ਲਈ ਵੀ ਕਿਹਾ ਹੈ।
ਅਦਾਲਤ ਨੇ ਕਿਹਾ ਕਿ ਸਰਕਾਰ ਖੁਦ ਕਾਰਵਾਈ ਨਹੀਂ ਕਰਦੀ, ਇਸ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੋਸ਼ਲ ਮੀਡੀਆ ਅਕਾਊਂਟ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਲੋਕ ਪ੍ਰਦੂਸ਼ਣ ਨਾਲ ਸਬੰਧਤ ਸ਼ਿਕਾਇਤਾਂ ਕਰ ਸਕਦੇ ਹਨ। ਅੱਜ ਇਸ ਮਾਮਲੇ ਦੀ ਐਮਿਕਸ ਕਿਊਰੀ ਅਪਰਾਜਿਤਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ NGT ਨੇ 2015 ਵਿੱਚ ਹੁਕਮ ਦਿੱਤਾ ਸੀ, ਪਰ ਇਸ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਜਸਟਿਸ ਮਦਨ ਬੀ ਲੋਕੁਰ ਦੀ ਅਗਵਾਈ ਵਾਲੀ ਬੈਂਚ ਨੇ ਟਿੱਪਣੀ ਕੀਤੀ ਕਿ ਐਨਸੀਆਰ ਦੀ ਹਾਲਤ ਹਰ ਰੋਜ਼ ਬਦਤਰ ਹੋ ਰਹੀ ਹੈ। ਹਵਾ ਇੰਨੀ ਖਰਾਬ ਹੋ ਗਈ ਹੈ ਕਿ ਸਵੇਰ ਦੀ ਸੈਰ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੇ ਦਿੱਲੀ-ਐਨਸੀਆਰ ਵਿੱਚ ਚੱਲਣ ’ਤੇ ਰੋਕ ਲਾ ਦਿੱਤੀ ਸੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਸੀ ਕਿ ਦੇਸ਼ ਭਰ ਵਿਚ ਪਹਿਲੀ ਅਪ੍ਰੈਲ, 2020 ਤੋਂ ਭਾਰਤ ਸਟੇਜ (ਬੀਐਸ) 4-ਸ਼੍ਰੇਣੀ ਵਾਲੇ ਵਾਹਨਾਂ ਦੀ ਵਿਕਰੀ ’ਤੇ ਪਾਬੰਧੀ ਲਾਈ ਜਾਵੇਗੀ।