ਨੀਤਾ ਅੰਬਾਨੀ ਵੱਲੋਂ ਔਰਤਾਂ ਲਈ ਖ਼ਾਸ ਸੋਸ਼ਲ ਮੀਡੀਆ ਮੰਚ ‘ਹਰਸਰਕਲ’ ਲਾਂਚ
ਰਿਲਾਇੰਸ ਫ਼ਾਊਂਡੇਸ਼ਨ ਦੇ ਚੇਅਰਪਰਸਨ ਨੀਤਾ ਅੰਬਾਨੀ ਨੇ ਖ਼ਾਸ ਤੌਰ ਉੱਤੇ ਔਰਤਾਂ ਲਈ ਬਣੇ ਡਿਜੀਟਲ ਪਲੇਟਫ਼ਾਰਮ ‘ਹਰਸਰਕਲ’ (HerCircle) ਨੂੰ ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਲਾਂਚ ਕੀਤਾ ਹੈ।
ਨਵੀਂ ਦਿੱਲੀ: ਰਿਲਾਇੰਸ ਫ਼ਾਊਂਡੇਸ਼ਨ ਦੇ ਚੇਅਰਪਰਸਨ ਨੀਤਾ ਅੰਬਾਨੀ ਨੇ ਖ਼ਾਸ ਤੌਰ ਉੱਤੇ ਔਰਤਾਂ ਲਈ ਬਣੇ ਡਿਜੀਟਲ ਪਲੇਟਫ਼ਾਰਮ ‘ਹਰਸਰਕਲ’ (HerCircle) ਨੂੰ ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਲਾਂਚ ਕੀਤਾ ਹੈ। ਇਹ ਆਪਣੀ ਕਿਸਮ ਦਾ ਪਹਿਲਾ ਡਿਜੀਟਲ ਨੈੱਟਵਰਕਿੰਗ ਪਲੇਟਫ਼ਾਰਮ ਹੈ। ਔਰਤਾਂ ਦੇ ਸਸ਼ੱਕਤੀਕਰਨ ਤੇ ਵਿਸ਼ਵ ਪੱਧਰ ਉੱਤੇ ਉਨ੍ਹਾਂ ਨੂੰ ਉੱਚਾ ਚੁੱਕਣ ਲਈ ਇਹ ਪਲੇਟਫ਼ਾਰਮ ਲਿਆਂਦਾ ਗਿਆ ਹੈ। ਸਭ ਦੀ ਸ਼ਮੂਲੀਅਤ, ਨੈੱਟਵਰਕਿੰਗ ਤੇ ਆਪਸੀ ਸਹਿਯੋਗ ਲਈ ‘ਹਰਸਰਕਲ’ ਪਲੇਟਫ਼ਾਰਮ ਔਰਤਾਂ ਨੂੰ ਇੱਕ ਸੁਰੱਖਿਅਤ ਮਾਧਿਅਮ ਦੇਵੇਗਾ।
ਸੋਸ਼ਲ ਮੀਡੀਆ ਪਲੇਟਫ਼ਾਰਮ ਹੋਣ ਦੇ ਨਾਤੇ ਇਹ ਹਰੇਕ ਉਮਰ ਤੇ ਆਰਥਿਕ ਸਮਾਜਕ ਪਿਛੋਕੜ ਵਾਲੀਆਂ ਔਰਤਾਂ ਦੀਆਂ ਵਧਦੀਆਂ ਜ਼ਰੂਰਤਾਂ, ਉਨ੍ਹਾਂ ਦੀਆਂ ਇੱਛਾਵਾਂ, ਉਦੇਸ਼ਾਂ ਤੇ ਸੁਫ਼ਨਿਆਂ ਨੂੰ ਪੂਰਾ ਕਰੇਗਾ।
ਨੀਤਾ ਅੰਬਾਨੀ ਨੇ ਇਹ ਨਵਾਂ ਪਲੇਟਫ਼ਾਰਮ ਲਾਂਚ ਕਰਦਿਆਂ ਕਿਹਾ ਕਿ ਉਹ ਖ਼ੁਦ 11 ਲੜਕੀਆਂ ਦੇ ਪਰਿਵਾਰ ਵਿੱਚ ਵੱਡੇ ਹੋਏ। ‘ਉੱਥੇ ਮੈਂ ਆਪਣੇ-ਆਪ ਉੱਤੇ ਭਰੋਸਾ ਕਰਨਾ ਸਿੱਖਿਆ। ਮੈਂ ਆਪਣੀ ਧੀ ਈਸ਼ਾ ਤੋਂ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਬਿਨਾ ਸ਼ਰਤ ਪਿਆਰ ਤੇ ਭਰੋਸਾ ਕਰਨਾ ਸਿੱਖਿਆ। ਆਪਣੀ ਨੂੰਹ ਸ਼ਲੋਕਾ ਤੋਂ ਮੈਂ ਹਮਦਰਦੀ ਤੇ ਸਬਰ ਸਿੱਖੇ। ਸਾਡੇ ਸੰਘਰਸ਼ ਤੇ ਜਿੱਤ ਇੱਕ-ਦੂਜੇ ਨਾਲ ਬੱਝੇ ਹੋਏ ਹਨ।’
ਇੱਥੇ ਔਰਤਾਂ ਇੱਕ-ਦੂਜੇ ਨਾਲ ਜੁੜ ਸਕਣਗੀਆਂ, ਵਿਡੀਓ ਵੇਖ ਸਕਣਗੀਆਂ। ਇਸ ਤੋਂ ਇਲਾਵਾ ਵਿੱਤ, ਕਾਰਜ, ਵਿਅਕਤੀਤਵ, ਵਿਕਾਸ, ਮਨੋਰੰਜਨ, ਸਿਰਜਣਾਤਮਕ ਸਵੈ-ਪ੍ਰਗਟਾਵਾ, ਸਮਾਜ ਸੇਵਾ, ਸੁੰਦਰਤਾ ਤੇ ਫ਼ੈਸ਼ਨ ਨਾਲ ਜੁੜੇ ਆਰਟੀਕਲ ਵੀ ਪੜ੍ਹੇ ਜਾ ਸਕਣਗੇ।
ਇਸ ਪਲੇਟਫ਼ਾਰਮ ਰਾਹੀਂ ਨੌਕਰੀ ਦੇ ਮੌਕੇ ਵੀ ਮਿਲਣਗੇ। ਸਫ਼ਲ ਕਾਰੋਬਾਰੀ ਬਣਨ ਦੇ ਨੁਕਤੇ ਵੀ ਔਰਤਾਂ ਇੱਥੋਂ ਸਿੱਖ ਸਕਣਗੀਆਂ। ਫ਼ਾਈਨੈਂਸ਼ੀਅਲ ਮੈਨੇਜਮੈਂਟ ਤੇ ਸਿਹਤ ਸਬੰਧੀ ਸੁਆਲਾਂ ਲਈ ਇੱਕ ਵਿਸ਼ੇਸ਼ ਚੈਟ ਰੂਮ ਬਣਾਇਆ ਗਿਆ ਹੈ।
‘ਹਰਸਰਕਲ’ ਨੂੰ ਡੈਸਕਟੌਪ ਤੇ ਮੋਬਾਇਲ ਦੋਵਾਂ ਉੱਤੇ ਖੋਲ੍ਹਿਆ ਜਾ ਸਕਦਾ ਹੈ। ਇਹ ਗੂਗਲ ਪਲੇਅਸਟੋਰ ਅਤੇ ਮਾਇ ਜੀਓ ਐਪ ਸਟੋਰ ਉੱਤੇ ਮੁਫ਼ਤ ਉਪਲਬਧ ਹੈ।