ਅਦਾਲਤ ਨੇ ਹੋਰ ਵਧਾਈ ਪੀ ਚਿਦੰਬਰਮ ਦੀ ਮੁਸੀਬਤ
ਆਈਐਨਐਕਸ ਮੀਡੀਆ ਕੇਸ ਵਿੱਚ ਦਿੱਲੀ ਦੀ ਅਦਾਲਤ ਨੇ ਅੱਜ ਕਾਂਗਰਸ ਲੀਡਰ ਪੀ ਚਿਦੰਬਰਮ ਦੀ ਸੀਬੀਆਈ ਹਿਰਾਸਤ ਵਿੱਚ ਚਾਰ ਦਿਨਾਂ ਲਈ ਵਾਧਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਸੀਬੀਆਈ 30 ਅਗਸਤ ਤੱਕ ਹਿਰਾਸਤ ‘ਚ ਚਿਦੰਬਰਮ ਤੋਂ ਪੁੱਛਗਿੱਛ ਕਰੇਗੀ।
ਨਵੀਂ ਦਿੱਲੀ: ਆਈਐਨਐਕਸ ਮੀਡੀਆ ਕੇਸ ਵਿੱਚ ਦਿੱਲੀ ਦੀ ਅਦਾਲਤ ਨੇ ਅੱਜ ਕਾਂਗਰਸ ਲੀਡਰ ਪੀ ਚਿਦੰਬਰਮ ਦੀ ਸੀਬੀਆਈ ਹਿਰਾਸਤ ਵਿੱਚ ਚਾਰ ਦਿਨਾਂ ਲਈ ਵਾਧਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਸੀਬੀਆਈ 30 ਅਗਸਤ ਤੱਕ ਹਿਰਾਸਤ ‘ਚ ਚਿਦੰਬਰਮ ਤੋਂ ਪੁੱਛਗਿੱਛ ਕਰੇਗੀ। ਸੀਬੀਆਈ ਨੇ ਸਾਬਕਾ ਕੇਂਦਰੀ ਮੰਤਰੀ ਨੂੰ ਰਾਊਸ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ ਤੇ ਪੰਜ ਦਿਨਾਂ ਦਾ ਰਿਮਾਂਡ ਮੰਗਿਆ, ਪਰ ਅਦਾਲਤ ਨੇ ਚਾਰ ਦਿਨ ਦਾ ਸਮਾਂ ਦਿੱਤਾ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅੱਜ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਏਜੰਸੀ ਨੇ ਕਾਂਗਰਸ ਆਗੂ ਨੂੰ ਹੇਠਲੀ ਅਦਾਲਤ ਵਿੱਚ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾੜ ਸਾਹਮਣੇ ਪੇਸ਼ ਕੀਤਾ। ਜੱਜ ਨੇ ਤਕਰੀਬਨ 40 ਮਿੰਟਾਂ ਲਈ ਦਲੀਲਾਂ ਸੁਣੀਆਂ।
ਉੱਧਰ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਸੁਪਰੀਮ ਕੋਰਟ ਵਿੱਚ ਨਵਾਂ ਹਲਫ਼ਨਾਮਾ ਦਾਇਰ ਕਰ ਦਿੱਤਾ ਹੈ। ਈਡੀ ਨੇ ਕਿਾਹ ਹੈ ਕਿ ਚਿਦੰਬਰਮ ਤੇ ਉਸ ਦੇ ਸਹਿ-ਸਾਜ਼ਿਸ਼ਘਾੜਿਆਂ ਨੇ ਅਰਜਨਟੀਨਾ, ਆਸਟ੍ਰੀਆ, ਬ੍ਰਿਟਿਸ਼ ਦੀਪ ਸਮੂਹ, ਫਰਾਂਸ, ਗਰੀਸ, ਮਲੇਸ਼ੀਆ, ਫਿਲੀਪੀਂਸ, ਸਿੰਗਾਪੁਰ, ਦੱਖਣੀ ਅਫਰੀਕਾ, ਸਪੇਨ ਤੇ ਸ਼੍ਰੀਲੰਕਾ ਵਿੱਚ ਅਥਾਹ ਜਾਇਦਾਦ ਇਕੱਠੀ ਕੀਤੀ ਹੈ।