ਨਵੀਂ ਦਿੱਲੀ: ਇਰਾਕ ਵੀ ਅਮਰੀਕਾ ਤੇ ਇਰਾਨ ਦਰਮਿਆਨ ਵਧ ਰਹੇ ਤਣਾਅ ਦੇ ਮੱਦੇਨਜ਼ਰ ਜੰਗੀ ਖੇਤਰ ਵਿੱਚ ਪਹੁੰਚ ਗਿਆ ਹੈ। ਇਰਾਕ ਦੀ ਸੰਸਦ ਨੇ ਮਤਾ ਪਾਸ ਕਰਕੇ ਅਮਰੀਕੀ ਫੌਜ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਜਵਾਬ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ 'ਤੇ ਵੀ ਹੁਣ ਤੱਕ ਦੀ ਸਭ ਤੋਂ ਵੱਡੀ ਪਾਬੰਦੀ ਦਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਸਥਿਤੀ ਖ਼ਰਾਬ ਹੋਣ ਕਾਰਨ ਸਰਕਾਰ ਨੂੰ ਖ਼ਦਸ਼ਾ ਹੈ ਕਿ ਭਾਰਤ ਇਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਵੇਗਾ।


ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇਸ ਵੇਲੇ ਭਾਰਤ ਇਰਾਕ ਤੋਂ ਜ਼ਿਆਦਾਤਰ ਕੱਚਾ ਤੇਲ ਖਰੀਦ ਰਿਹਾ ਹੈ। ਜੇ ਅਮਰੀਕਾ ਦੀ ਪਾਬੰਦੀ ਲੱਗ ਜਾਂਦੀ ਹੈ ਜਾਂ ਇਰਾਕ ਵਿੱਚ ਤੇਲ ਦਾ ਉਤਪਾਦਨ ਪ੍ਰਭਾਵਤ ਹੁੰਦਾ ਹੈ ਤਾਂ ਭਾਰਤ 'ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਦੋ ਵੱਡੇ ਤੇਲ ਸਪਲਾਇਰ ਦੇਸ਼ ਵੈਨਜ਼ੂਏਲਾ ਤੇ ਇਰਾਨ ਪਹਿਲਾਂ ਹੀ ਸੰਕਟ ਵਿੱਚ ਹਨ। ਜੇ ਸੰਕਟ ਇਰਾਕ 'ਤੇ ਹੋਰ ਵਧਦਾ ਹੈ, ਤਾਂ ਇਹ ਦੇਸ਼ ਦੀ ਆਰਥਿਕਤਾ ਲਈ ਬਹੁਤ ਚਿੰਤਾਜਨਕ ਖ਼ਬਰ ਹੋਵੇਗੀ। ਇਹੋ ਚਿੰਤਾ ਮੁੱਖ ਤੌਰ ਤੇ ਸੋਮਵਾਰ ਨੂੰ ਸਟਾਕ ਮਾਰਕੀਟ ਵਿੱਚ ਆਈ ਮੰਦੀ ਤੇ ਕਰੰਸੀ ਬਾਜ਼ਾਰ ਵਿੱਚ ਰੁਪਏ ਦੇ ਮੁੱਲ ਵਿੱਚ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਤੇਲ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਰਾਕ ਸਾਲ 2018-19 ਵਿੱਚ ਸਭ ਤੋਂ ਵੱਡਾ ਤੇਲ ਸਪਲਾਇਰ ਸੀ ਤੇ ਇਸ ਸਾਲ ਵੀ ਇਸ ਦੇ ਰਹਿਣ ਦੀ ਸੰਭਾਵਨਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ, ਭਾਰਤੀ ਤੇਲ ਕੰਪਨੀਆਂ ਨੇ ਇਰਾਕ ਤੋਂ ਤੇਲ ਖਰੀਦਣ ਲਈ ਸਮਝੌਤੇ 'ਤੇ ਦਸਤਖਤ ਕੀਤੇ ਹਨ। ਸਾਲ 2019-20 ਦੇ ਪਹਿਲੇ ਛੇ ਮਹੀਨਿਆਂ ਵਿੱਚ, ਭਾਰਤੀ ਤੇਲ ਕੰਪਨੀਆਂ ਨੇ ਇਰਾਕ ਤੋਂ 26 ਕਰੋੜ ਟਨ ਕੱਚਾ ਤੇਲ ਖਰੀਦਿਆ ਹੈ। ਇਰਾਕ 2017-18 ਤੋਂ ਬਾਅਦ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਰਿਹਾ ਹੈ। ਸਾਲ 2018-19 ਵਿੱਚ 4.6 ਕਰੋੜ ਟਨ ਕੱਚਾ ਖਰੀਦਿਆ ਗਿਆ ਸੀ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਿਛਲੇ ਦੋ ਕਾਰੋਬਾਰੀ ਦਿਨਾਂ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਤਕਰੀਬਨ 5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਤੇ ਸੋਮਵਾਰ ਨੂੰ ਬੇਂਟ ਕੱਚੇ ਤੇਲ ਦੀ ਕੀਮਤ 69.62 ਡਾਲਰ ਪ੍ਰਤੀ ਬੈਰਲ ਪੁਹੰਚ ਗਈ।

ਭਾਰਤ ਲਈ ਵਧੇਰੇ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਛੇ ਦੇਸ਼ਾਂ ਵਿਚੋਂ ਤਿੰਨ ਦੇਸ਼ (ਵੈਨਜ਼ੁਏਲਾ, ਇਰਾਨ ਤੇ ਇਰਾਕ) ਸੰਕਟ ਵਿੱਚ ਫਸ ਗਏ ਹਨ, ਜਿੱਥੋਂ ਉਹ ਸਭ ਤੋਂ ਵੱਧ ਤੇਲ ਖਰੀਦਦਾ ਸੀ। ਭਾਰਤ ਨੇ ਇਰਾਨ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਵੈਨਜ਼ੂਏਲਾ ਦੀ ਸਥਿਤੀ ਕਾਰਨ ਇਸ ਤੋਂ ਤੇਲ ਦੀ ਖਰੀਦ ਘਟ ਕੇ ਇੱਕ ਤਿਹਾਈ ਰਹਿ ਗਈ ਹੈ। ਇਰਾਕ ਤੇ ਸੰਕਟ ਮੰਡਰਾ ਰਿਹਾ ਹੈ। ਭਾਰਤ ਕੋਲ ਰੂਸ, ਅਮਰੀਕਾ ਤੇ ਨਾਈਜੀਰੀਆ ਦਾ ਵਿਕਲਪ ਬਚਦਾ ਹੈ।

ਪਿਛਲੇ ਸਾਲ ਭਾਰਤ ਨੇ ਅਮਰੀਕਾ ਤੋਂ 62 ਲੱਖ ਟਨ ਕੱਚਾ ਤੇਲ ਖਰੀਦਿਆ ਸੀ, ਜਦੋਂਕਿ ਅਪ੍ਰੈਲ-ਸਤੰਬਰ 2019 ਵਿੱਚ ਸਿਰਫ 54 ਲੱਖ ਟਨ ਦੀ ਖਰੀਦ ਕੀਤੀ ਗਈ ਸੀ। ਨਵੇਂ ਸੌਦੇ ਨਿਰੰਤਰ ਕੀਤੇ ਜਾ ਰਹੇ ਹਨ। ਭਾਰਤ ਅਚਾਨਕ ਰੂਸ ਤੋਂ ਵਧੇਰੇ ਕੱਚਾ ਤੇਲ ਵੀ ਨਹੀਂ ਖਰੀਦ ਸਕਦਾ।