ਨਵੀਂ ਦਿੱਲੀ: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਸਲਾਮੀ ਸੈਮੀਨਰੀ ਦਿਓਬੰਦ, ਸਹਾਰਨਪੁਰ ਨੂੰ ਅੱਤਵਾਦੀ ਬਣਾਉਣ ਵਾਲੀ ਫਕਟਰੀ ਦੱਸਿਆ ਹੈ। ਉਨ੍ਹਾਂ ਇਹ ਵਿਵਾਦਤ ਬਿਆਨ ਮੰਗਲਵਾਰ ਨੂੰ ਮੀਡੀਆ ਸਾਹਮਣੇ ਦਿੱਤਾ।
ਕੇਂਦਰੀ ਮੰਤਰੀ ਨੇ ਦਿਓਬੰਦ ਨੂੰ ਅੱਤਵਾਦ ਦੀ ਗੰਗੋਤਰੀ ਵੀ ਕਿਹਾ। ਉਨ੍ਹਾਂ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿਓਬੰਦ ਹਾਫਿਜ਼ ਸਈਦ ਵਰਗੇ ਅੱਤਵਾਦੀ ਪੈਦਾ ਕਰਦੀ ਹੈ।
ਗਿਰੀਰਾਜ ਸਿੰਘ ਨੇ ਕਿਹਾ, “ਮੈਂ ਪਹਿਲਾਂ ਇੱਕ ਵਾਰ ਕਿਹਾ ਸੀ ਕਿ ਦਿਓਬੰਦ ਅੱਤਵਾਦੀਆਂ ਦੀ ਗੰਗੋਤਰੀ ਹੈ। ਦੁਨੀਆਂ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਹਾਫਿਜ਼ ਸਈਦ ਜਾਂ ਹੋਰ ਦਿਓਬੰਦ ਤੋਂ ਆਏ ਹਨ।” ਉਨ੍ਹਾਂ ਨੇ ਦਿਓਬੰਦ 'ਚ ਚੱਲ ਰਹੇ ਸੀਏਏ ਵਿਰੋਧੀ ਪ੍ਰਦਰਸ਼ਨਾਂ 'ਤੇ ਹਮਲਾ ਕਰਦਿਆਂ ਕਿਹਾ, "ਇਹ ਲੋਕ ਸੀਏਏ ਦੇ ਵਿਰੁੱਧ ਨਹੀਂ ਹਨ, ਇਹ ਭਾਰਤ ਦੇ ਵਿਰੁੱਧ ਹਨ। ਇਹ ਇੱਕ ਕਿਸਮ ਦਾ ਖਿਲਾਫਤ ਅੰਦੋਲਨ ਹੈ।"
ਗਿਰੀਰਾਜ ਸਿੰਘ ਨੇ ਪਹਿਲਾਂ ਇਲਜ਼ਾਮ ਲਾਇਆ ਸੀ ਕਿ ਸ਼ਾਹੀਨ ਬਾਗ 'ਚ ‘ਆਤਮਘਾਤੀ ਹਮਲਾਵਰ’ ਖੜੇ ਕੀਤੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਦਾਅਵਾ ਕੀਤਾ, “ਸ਼ਾਹੀਨ ਬਾਗ ਦਾ ਵਿਰੋਧ ਪ੍ਰਦਰਸ਼ਨ ਹੁਣ ਕੋਈ ਅੰਦੋਲਨ ਨਹੀਂ ਰਿਹਾ। ਇੱਥੇ ਆਤਮਘਾਤੀ ਹਮਲਾਵਰਾਂ ਦਾ ਇੱਕ ਸਮੂਹ ਉਠਾਇਆ ਜਾ ਰਿਹਾ ਹੈ ਅਤੇ ਇਸ ਦੀ ਰਾਜਧਾਨੀ ਵਿੱਚ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ।”