J&K: ਪੁਲਵਾਮਾ ਹਮਲੇ 'ਚ ਸ਼ਾਮਲ ਜੈਸ਼ ਦਾ ਅੱਤਵਾਦੀ ਅਬੂ ਸੈਫੁੱਲਾ ਹਲਾਕ
ਅਬੂ ਨੇ ਜੈਸ਼-ਏ-ਮੁਹੰਮਦ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਉਸ ਨੇ ਅਵੰਤੀਪੋਰਾ, ਖ਼ਾਸ ਤੌਰ 'ਤੇ ਪੁਲਵਾਮਾ ਦੇ ਕਾਕਪੋਰਾ ਅਤੇ ਪੰਪੋਰ ਖੇਤਰਾਂ ਦੀ ਵਰਤੋਂ ਨਵੇਂ ਅੱਤਵਾਦੀ ਸਮੂਹਾਂ ਦੀ ਭਰਤੀ ਲਈ ਵੀ ਕੀਤਾ।
ਸ੍ਰੀਨਗਰ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਲ ਜੈਸ਼-ਏ-ਮੁਹੰਮਦ ਦੇ ਮੈਂਬਰ ਅਬੂ ਸੈਫੁੱਲਾ ਨੂੰ ਅੱਜ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਮਾਰ ਮੁਕਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਬੂ ਸੈਫੁੱਲਾ ਨੂੰ ਅਦਨਾਨ ਇਸਮਾਇਲ ਅਤੇ ਲੰਬੂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਾਲ 2017 ਤੋਂ ਘਾਟੀ ਵਿੱਚ ਸਰਗਰਮ ਸੀ। ਅਬੂ ਪੁਲਵਾਮਾ ਦੇ ਤਰਾਲ ਦੇ ਹੰਗਲਮਰਗ ਵਿੱਚ ਇੱਕ ਹੋਰ ਅੱਤਵਾਦੀ ਸਮੇਤ ਮਾਰਿਆ ਗਿਆ ਹੈ।
ਤਾਲਿਬਾਨ ਨਾਲ ਜੁੜਿਆ ਸੀ ਅਬੂ
ਅਧਿਕਾਰੀ ਵਿਜੈ ਕੁਮਾਰ ਨੇ ਆਖਿਆ, "ਉਹ, 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਸਮੇਤ ਹੋਰ ਕਈ ਅੱਤਵਾਦੀ ਹਮਲਿਆਂ ਦੀ ਲੜੀ ਵਿੱਚ ਸ਼ਾਮਲ ਸੀ। ਅਦਨਾਨ ਰਊਫ ਅਜ਼ਹਰ, ਮੌਲਾਨਾ ਮਸੂਦ ਅਜ਼ਹਰ ਅਤੇ ਅੰਮਾਰ ਦੇ ਪਾਕਿਸਤਾਨ ਸਥਿਤ ਆਕਾ ਜੇ.ਐਮ. ਪਦਾਨੁਕ੍ਰਮ ਦਾ ਮਜ਼ਬੂਤ ਸਹਿਯੋਗੀ ਵੀ ਸੀ।" ਅਬੂ ਵਾਹਨ ਤੋਂ ਚਲਾਏ ਜਾ ਸਕਣ ਵਾਲੇ ਆਈਈਡੀ ਦਾ ਮਾਹਰ ਸੀ, ਜਿਸ ਦੀ ਵਰਤੋਂ ਅਫ਼ਗਾਨਿਸਤਾਨ ਵਿੱਚ ਅਕਸਰ ਕੀਤੀ ਜਾਂਦੀ ਹੈ ਤੇ ਭਾਰਤ ਵਿੱਚ ਪੁਲਵਾਮਾ ਹਮਲੇ ਦੌਰਾਨ ਇਹੋ ਤਕਨੀਕ ਵਰਤੀ ਗਈ ਸੀ। ਅਧਿਕਾਰੀਆਂ ਮੁਤਾਬਕ ਉਹ ਤਾਲਿਬਾਨ ਨਾਲ ਵੀ ਸਬੰਧਤ ਸੀ।
ਇੱਕ ਸੁਰੱਖਿਆ ਡੋਜ਼ੀਅਰ ਵਿੱਚ ਇਹ ਦੱਸਿਆ ਗਿਆ ਹੈ ਕਿ ਅਬੂ ਨੇ ਜੈਸ਼-ਏ-ਮੁਹੰਮਦ ਸੰਗਠਨ ਨੂੰ ਮੁੜ ਤੋਂ ਸਥਾਪਿਤ ਕਰਨ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਉਸ ਨੇ ਅਵੰਤੀਪੋਰਾ, ਖ਼ਾਸ ਤੌਰ 'ਤੇ ਪੁਲਵਾਮਾ ਦੇ ਕਾਕਪੋਰਾ ਅਤੇ ਪੰਪੋਰ ਖੇਤਰਾਂ ਦੀ ਵਰਤੋਂ ਨਵੇਂ ਅੱਤਵਾਦੀ ਸਮੂਹਾਂ ਦੀ ਭਰਤੀ ਲਈ ਵੀ ਕੀਤਾ।
ਮਾਰੇ ਗਏ ਅੱਤਵਾਦੀ ਦੀ ਪਛਾਣ ਬਾਕੀ
ਅਧਿਕਾਰੀ ਨੇ ਇਹ ਵੀ ਕਿਹਾ ਕਿ ਦੂਜੇ ਅੱਤਵਾਦੀ ਦੀ ਪਛਾਣ ਹਾਲੇ ਹੋਣੀ ਬਾਕੀ ਹੈ। ਮਾਰੇ ਗਏ ਦਹਿਸ਼ਤਗਰਦਾਂ ਕੋਲੋਂ ਇੱਕ ਐਮ-4 ਰਾਈਫਲ, ਏਕੇ-47 ਰਾਈਫਲ, ਇੱਕ ਗਲੌਕ ਪਿਸਟਲ ਤੇ ਇੱਕ ਹੋਰ ਪਿਸਟਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਆਖਿਆ ਹੈ ਕਿ ਸੁਰੱਖਿਆ ਬਲਾਂ ਨੇ ਸਵੇਰੇ ਸਾਂਝੀ ਮੁਹਿੰਮ ਸ਼ੁਰੂ ਕੀਤੀ ਅਤੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਗੋਲ਼ੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਇਸ ਸਾਲ ਜਨਵਰੀ ਤੋਂ ਕੁਝ ਸਿਖਰਲੇ ਕਮਾਂਡਰਾਂ ਸਮੇਤ ਘੱਟੋ-ਘੱਟ 87 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ।