ਰੋਹਤਕ: ਜਾਟ ਭਾਈਚਾਰੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਰੈਲੀ ਕੀਤੀ ਗਈ ਜਿਸ ਵਿੱਚ ਤਬਦੇ ਦੇ ਲੀਡਰ ਯਸ਼ਪਾਲ ਮਲਿਕ ਨੇ ਅੰਦੋਲਨ ਦਾ ਐਲਾਨ ਕੀਤਾ ਹੈ। 16 ਅਗਸਤ ਤੋਂ ਮੁੱਖ ਮੰਤਰੀ ਸਣੇ ਹੋਰ ਮੰਤਰੀਆਂ ਦੇ ਸਮਾਗਮਾਂ ਦਾ ਵਿਰੋਧ ਕੀਤਾ ਜਾਵੇਗਾ। ਜੇ 16 ਅਗਸਤ ਤੋਂ ਪਹਿਲਾਂ ਬੀਜੇਪੀ ਦਾ ਕੋਈ ਵੀ ਕੌਮੀ ਪੱਧਰ ਦਾ ਸਮਾਗਮ ਹੋਇਆ ਤਾਂ ਅੰਦੋਲਨ ਪਹਿਲੇ ਵੀ ਐਲਾਨਿਆ ਜਾ ਸਕਦਾ ਹੈ। 15 ਜੂਨ ਤੋਂ 15 ਅਗਸਤ ਤਕ ਹਰਿਆਣਾ ਦੇ ਸਾਰੇ ਪਿੰਡਾਂ, ਹਲਕਿਆਂ, ਬਲਾਕਾਂ, ਤਹਿਸੀਲਾਂ ਤੇ ਜ਼ਿਲ੍ਹਾ ਪੱਧਰ ਦੇ ਭਾਈਚਾਰਕ ਸੰਮੇਲਨ ਕੀਤੇ ਜਾਣਗੇ।

 

ਇਸ ਦੌਰਾਨ ਜਾਟ ਭਾਈਚਾਰੇ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੁਪਰੀਮ ਕੋਰਟ ਵਿੱਚ ਸਹੀ ਪੱਖ ਰੱਖ ਕੇ ਜਾਟ ਰਾਖਵੇਂਕਰਨ ਤੋਂ ਸਟੇਅ ਹਟਵਾਇਆ ਜਾਵੇ ਤੇ ਸਰਕਾਰ ਹਾਈ ਕੋਰਟ ਵਿੱਚ ਵੀ ਅੰਕੜੇ ਰੱਖ ਕੇ ਜਾਟ ਰਾਖਵਾਂਕਰਨ ਅੰਦੋਲਨ ਲਾਗੂ ਕਰਵਾਏ। ਇਸ ਤੋਂ ਇਲਾਵਾ ਜਾਟਾਂ ਨੇ ਕੇਂਦਕ ਸਰਕਾਰ ਤੋਂ ਵੀ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਕੌਮੀ, ਸਮਾਜਿਕ ਤੇ ਪਿਛੜੇ ਵਰਗ ਆਯੋਗ ਦਾ ਲੰਬਿਤ ਬਿੱਲ ਪਾਸ ਕਰਨ ਦੀ ਮੰਗ ਕੀਤੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਵੀ ਬੀਜੇਪੀ ਸਰਕਾਰ ਦੇ ਖ਼ਿਲਾਫ਼ ਜ਼ੋਰ-ਸ਼ੋਰ ਨਾਲ ਮੁਹਿੰਮ ਚਲਾਈ ਜਾਵੇਗੀ।

ਰੈਲੀ ਦੇ ਮੱਦੇਨਜ਼ਰ ਰੋਹਤਕ ਦੇ ਪਿੰਡ ਜੱਸੀਆ ਤੇ ਇਸ ਦੇ ਨੇੜਲੇ ਖੇਤਰਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਜੱਸੀਆ ਰੈਲੀ ਦੇ ਪ੍ਰਬੰਧਾਂ ਜਾ ਜਾਇਜ਼ਾ ਲੈਣ ਲਈ ਬੀਤੇ ਦਿਨ ਡਿਪਟੀ ਕਮਿਸ਼ਨਰ ਯਸ਼ ਗਰਗ  ਤੇ ਐਸਪੀ ਜਸ਼ਨਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ। ਡੀਸੀ ਗਰਗ ਨੇ ਕਿਹਾ ਕਿ ਰੋਹਤਕ ਨੂੰ ਤਿੰਨ ਖੇਤਰਾਂ ਵਿੱਚ ਵੰਡਿਆ ਗਿਆ। ਹਹ ਖੇਤਰ ਵਿੱਚ ਡਿਪਟੀ ਐਸਪੀ ਦੀ ਅਗਵਾਈ ਵਾਲੀ ਗਸ਼ਤ ਪਾਰਟੀ ਨੇ ਸਥਿਤੀ ’ਤੇ ਨਜ਼ਰ ਰੱਖੀ।

ਉਨ੍ਹਾਂ ਦੱਸਿਆ ਕਿ ਜਾਟ ਮਹਾਂਸਭਾ ਦੀ ਵਿਰੋਧ ਰੈਲੀ ਦੌਰਾਨ ਜ਼ਿਲ੍ਹੇ ਵਿੱਚ ਕਾਨੂੰਨ ਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ 42 ਡਿਊਟੀ ਮੈਜਿਸਟਰੇਟਸ ਦੀ ਨਿਯੁਕਤੀ ਕੀਤੀ ਗਈ। ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਰੋਹਤਕ ਦੇ ਐਸਪੀ ਰੰਧਾਵਾ ਨੇ ਦੱਸਿਆ ਕਿ ਰੋਹਤਕ ਵਿੱਚ 20 ਸੰਵੇਦਨਸ਼ੀਲ ਥਾਵਾਂ ’ਤੇ ਨਾਕੇ ਲਾਏ ਗਏ ਹਨ। ਸਥਿਤੀ ’ਤੇ ਨਜ਼ਰ ਬਣਾਈ ਰੱਖਣ ਲਈ ਵੀਡੀਓਗਰਾਫ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਕਾਰਵਾਈ ਵੀ ਕੀਤੀ ਜਾਵੇਗੀ। ਰੋਹਤਕ ਨੂੰ ਆਉਣ-ਜਾਣ ਵਾਲੇ ਵਾਲੀਆਂ ਸੜਕਾਂ ’ਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਦੀ ਵੀ ਯੋਜਨਾ ਬਣਾਈ ਗਈ। ਜਾਟ ਰੈਲੀ ਦੈਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਡੀਸੀ ਗਰਗ ਨੇ ਧਾਰਾ 144 ਲਾਗੂ ਕੀਤੀ ਹੋਈ ਹੈ।