ਚੰਡੀਗੜ੍ਹ: ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਦੇ ਭਾਸ਼ਣ ਦੌਰਾਨ ਦਰਸ਼ਕਾਂ ਵੱਲੋਂ ਰੌਲ਼ਾ-ਰੱਪਾ ਪਾਇਆ ਗਿਆ। ਇਹ ਮਾਮਲਾ ਜੀਂਦ ਦੇ ਇਕਲਵਿਆ ਸਟੇਡੀਅਮ 'ਚ ਇੱਕ ਕਰੋੜ ਦੇ ਕਬੱਡੀ ਮੈਚ ਦੌਰਾਨ ਵਾਪਰਿਆ। ਖਚਾਖਚ ਭਰੇ ਸਟੇਡੀਅਮ 'ਚ ਅਨਿਲ ਵਿਜ ਦੇ ਭਾਸ਼ਣ ਦੌਰਾਨ ਦਰਸ਼ਕਾਂ ਵੱਲੋਂ ਕਾਫ਼ੀ ਦੇਰ ਤੱਕ ਉੱਚੀ-ਉੱਚੀ ਰੌਲ਼ਾ ਪਾਇਆ ਗਿਆ।

ਇਸ ਦੇ ਬਾਵਜੂਦ ਮੰਤਰੀ ਜਦੋਂ ਭਾਸ਼ਣ ਦੇਣ ਤੋਂ ਨਾ ਹਟੇ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਉੱਚੀ-ਉੱਚੀ ਰੌਲ਼ਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਲੋਕਾਂ ਵੱਲੋਂ ਕੱਪੜੇ ਉਛਾਲ ਕੇ ਰੌਲ਼ਾ ਪਾਇਆ ਗਿਆ। ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਕਾਫ਼ੀ ਮਿਹਨਤ ਮਸ਼ੱਕਤ ਕਰਨੀ ਪਈ।

ਅਸਲ ਵਿੱਚ ਖੇਡ ਮੰਤਰੀ ਅਨਿਲ ਵਿਜ ਤੈਅ ਸਮੇਂ ਤੋਂ ਬਹੁਤ ਲੇਟ ਪਹੁੰਚੇ। ਜਦੋਂ ਉਹ ਪਹੁੰਚੇ ਉਸ ਸਮੇਂ ਮੈਚ ਆਪਣੇ ਆਖ਼ਰੀ ਗੇੜ ਵਿੱਚ ਸੀ। ਲੋਕ  ਮੈਚ ਦੇ ਰੁਮਾਂਸ ਦਾ ਨਜ਼ਾਰਾ ਲੈ ਰਹੇ ਸਨ। ਅਜਿਹੇ ਵਿੱਚ ਮੰਤਰੀ ਅਨਿਲ ਵਿਜ ਲੇਟ ਪਹੁੰਚ ਕੇ ਭਾਸ਼ਣ ਦੇਣ ਲੱਗੇ। ਇਸ ਤੋਂ ਨਾਰਾਜ਼ ਹੋਏ ਦਰਸ਼ਕਾਂ ਨੇ ਰੌਲ਼ਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ।