ਨਵੀਂ ਦਿੱਲੀ: ਪੰਜਾਬ 'ਚ ਐਤਵਾਰ ਨੂੰ ਦੁਸਹਿਰੇ ਮੌਕੇ ਰਾਵਨ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਜਾਣ 'ਤੇ ਸਿਆਸੀ ਗਰਮਾ ਗਰਮੀ ਵੱਧ ਗਈ ਹੈ। ਪਹਿਲਾਂ ਤਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਲਈ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਨੂੰ ਗੱਲ ਕਰਨ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਹਿਣ ਤੇ ਹੀ ਪੰਜਾਬ 'ਚ ਅਜਿਹਾ ਹੋਇਆ ਹੈ ਤੇ ਉਨ੍ਹਾਂ ਨੂੰ ਰਾਹੁਲ ਤੋਂ ਐਸੀ ਹੀ ਉਮੀਦ ਵੀ ਸੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮੋਦੀ ਦੇ ਰਾਵਨ ਰੂਪੀ ਪੁਤਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਾੜੇ ਹਨ।


ਜੇਪੀ ਨੱਡਾ ਨੇ ਟਵੀਟ ਕਰ ਲਿਖਿਆ, "ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ, ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣ ਵਾਲਾ ਸ਼ਰਮਨਾਕ ਡਰਾਮਾ ਹੋਇਆ ਪਰ ਉਨ੍ਹਾਂ ਨੂੰ ਅਜਿਹੀਆਂ ਉਮੀਦਾਂ ਸੀ। ਨਹਿਰੂ-ਗਾਂਧੀ ਖ਼ਾਨਦਾਨ ਨੇ ਕਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਨਹੀਂ ਕੀਤਾ। ਯੂਪੀਏ ਸ਼ਾਸਨ ਦੇ ਤਹਿਤ 2004-2014 ਦੇ ਦਰਮਿਆਨ ਪ੍ਰਧਾਨ ਮੰਤਰੀ ਅਹੁਦਾ ਸੰਸਥਾਗਤ ਤੌਰ ਤੇ ਕਮਜ਼ੋਰ ਹੋ ਗਿਆ ਸੀ।"


ਰਾਹੁਲ ਨੇ ਕੀ ਕਿਹਾ ਸੀ?
ਰਾਹੁਲ ਗਾਂਧੀ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਸੀ, "ਕੱਲ੍ਹ ਇਹ ਪੂਰੇ ਪੰਜਾਬ 'ਚ ਹੋਇਆ, ਇਹ ਬਹੁਤ ਦੁੱਖਦ ਗੱਲ ਹੈ ਕਿ ਪੂਰਾ ਪੰਜਾਬ ਪੀਐਮ ਮੋਦੀ ਤੋਂ ਇੰਨਾਂ ਗੁੱਸੇ ਹੈ। ਇਹ ਬਹੁਤ ਖ਼ਤਰਨਾਕ ਮਿਸਾਲ ਹੈ ਤੇ ਸਾਡੇ ਦੇਸ਼ ਲਈ ਬੁਰਾ ਹੈ।ਪੀਐਮ ਨੂੰ ਇਨ੍ਹਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਮਦਦ ਦੇਣੀ ਚਾਹੀਦੀ ਹੈ।"


ਪੰਜਾਬ 'ਚ ਚੱਲ ਰਿਹਾ ਕਿਸਾਨ ਅੰਦੋਲਨ
ਲੰਮੇ ਸਮੇਂ ਤੋਂ ਪੰਜਾਬ ਅੰਦਰ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪੰਜਾਬ ਦੀ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਖਿਲਾਫ ਬਿੱਲ ਵੀ ਪਾਸ ਕੀਤਾ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਖੁਦ ਵੀ ਇਨ੍ਹਾਂ ਖੇਤੀ ਕਾਨੂੰਨਾਂ ਦੀ ਖਿਲਾਫਤ ਲਈ ਪੰਜਾਬ ਆਏ ਸੀ ਤੇ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਉਨ੍ਹਾਂ ਪੰਜਾਬ ਅੰਦਰ ਤਿੰਨ ਦਿਨ ਟਰੈਕਟਰ ਰੈਲੀ ਕੱਢੀ ਸੀ।