Karnataka Assembly election: ਕਰਨਾਟਕ ਦੇ ਲੋਕ ਅੱਜ ਕਰਨਗੇ ਦੇਸ਼ ਦਾ ਭਵਿੱਖ ਤੈਅ! ਵੋਟਿੰਗ ਸ਼ੁਰੂ, ਨਤੀਜੇ 13 ਨੂੰ
Karnataka Assembly election: ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਵਿਧਾਨ ਸਭਾ ਲਈ ਅੱਜ ਸਵੇਰੇ 7 ਤੋਂ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ।
Karnataka Assembly election, 2023: ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਵਿਧਾਨ ਸਭਾ ਲਈ ਅੱਜ ਸਵੇਰੇ 7 ਤੋਂ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਇਨ੍ਹਾਂ ਚੋਣਾਂ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਇਸ ਦੇ ਨਤੀਜਿਆਂ ਦਾ ਅਸਰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਉੱਪਰ ਸਾਫ ਦਿੱਸੇਗਾ।
ਹਾਸਲ ਜਾਣਕਾਰੀ ਮੁਤਾਬਕ ਸਿਆਸੀ ਪਾਰਟੀਆਂ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤੇ ਜਾਣ ਮਗਰੋਂ ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਚੋਣਾਂ ’ਚ ਮੁੱਖ ਮੁਕਾਬਲਾ ਭਾਜਪਾ, ਕਾਂਗਰਸ ਤੇ ਜਨਤਾ ਦਲ (ਐਸ) ਵਿਚਾਲੇ ਹੈ ਤੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਕਾਂਗਰਸ ਤੇ ਬੀਜੇਪੀ ਦਾ ਭਵਿੱਖ ਵੀ ਤੈਅ ਕਰਨਗੀਆਂ।
ਹਾਸਲ ਜਾਣਕਾਰੀ ਮੁਤਾਬਕ ਅੱਜ ਵੋਟਿੰਗ ਦੌਰਾਨ ਕੁੱਲ 5,31,33,054 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ ਚੋਣਾਂ ਲਈ 2615 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ ਵੋਟਿੰਗ ਲਈ 58,545 ਵੋਟ ਕੇਂਦਰ ਬਣਾਏ ਗਏ ਹਨ। ਸੂਬੇ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 2,67,28,053 ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 2,64,00,074 ਹੈ। ਇਨ੍ਹਾਂ ’ਚੋਂ 11,71,558 ਨੌਜਵਾਨ ਵੋਟਰ ਹਨ ਜਦਕਿ 12,15,920 ਵੋਟਰਾਂ ਦੀ ਉਮਰ 80 ਸਾਲ ਤੋਂ ਵੱਧ ਹੈ।
ਉਧਰ, ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਚਾਰ ਲੱਖ ਦੇ ਕਰੀਬ ਸੁਰੱਖਿਆ ਕਰਮੀ ਸੂਬੇ ਭਰ ’ਚ ਤਾਇਨਾਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਰੇ ਹਾਕਮ ਭਾਜਪਾ ਦੀ ਕੋਸ਼ਿਸ਼ 38 ਸਾਲ ਦੇ ਉਸ ਮਿੱਥ ਨੂੰ ਤੋੜਨ ਦੀ ਹੈ ਜਿਸ ’ਚ ਸੂਬੇ ਦੀ ਜਨਤਾ ਨੇ ਕਿਸੇ ਵੀ ਸੱਤਾਧਾਰੀ ਪਾਰਟੀ ਨੂੰ ਵਾਪਸ ਸੱਤਾ ’ਚ ਬਿਠਾਉਣ ਤੋਂ ਪਰਹੇਜ਼ ਕੀਤਾ ਹੈ।
ਦੂਜੇ ਪਾਸੇ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਖੁਦ ਨੂੰ ਮੁੱਖ ਵਿਰੋਧੀ ਧਿਰ ਵਜੋਂ ਸਥਾਪਤ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਇਨ੍ਹਾਂ ਚੋਣਾਂ ’ਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਅਗਵਾਈ ਹੇਠਲੀ ਜਨਤਾ ਦਲ (ਸੈਕੁਲਰ) ਦੀ ਭੂਮਿਕਾ ਵੀ ਅਹਿਮ ਹੋਵੇਗੀ। ਇਸੇ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੋਟਰਾਂ ਨੂੰ ਉਤਸ਼ਾਹ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।