ਬੰਗਲੁਰੂ: ਕਰਨਾਟਕ ਦੇ ਬੀਜੇਪੀ ਪ੍ਰਧਾਨ ਬੀ ਐਸ ਯੇਦਯਰੱਪਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਕਾਂਗਰਸ-ਜੇਡੀਐਸ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਕੁਮਾਰ ਸੁਆਮੀ ਸੂਬੇ ਦੀ ਕਮਾਨ ਸੰਭਾਲਣਗੇ। ਰਾਜਪਾਲ ਵਜੂਭਾਈ ਵਾਲਾ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੋਣ ਕਾਰਨ ਸੋਮਵਾਰ ਨੂੰ ਹੋਣ ਵਾਲਾ ਸਹੁੰ ਚੁੱਕ ਸਮਾਗਮ ਟਾਲ਼ਿਆ ਗਿਆ ਹੈ। ਕਰਨਾਟਕ ਦੇ ਬਦਲੇ ਸਿਆਸੀ ਸਮੀਕਰਣ ਦੇ ਬਹਾਨੇ ਕੌਮੀ ਪੱਧਰ ’ਤੇ ਵਿਰੋਧੀ ਦਲਾਂ ਨੂੰ ਇੱਕਜੁਟ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਜੋ ਕੁਮਾਰ ਸੁਆਮੀ ਦੇ ਸਹੁੰ ਚੁੱਕ ਸਮਾਗਮ ਵਿੱਚ ਵੇਖਣ ਨੂੰ ਮਿਲੇਗੀ।

 

 

ਕੁਮਾਰ ਸੁਆਮੀ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਮਮਤਾ ਬੈਨਰਜੀ, ਚੰਦਰਬਾਬੂ ਨਾਇਡੂ, ਕੇ ਚੰਦਰਸ਼ੇਖਰ ਰਾਓ ਤੇ ਬੀਐਸਪੀ ਮੁਖੀ ਮਾਇਆਵਤੀ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਖੇਤਰੀ ਦਲਾਂ ਸਹੁੰ ਚੁੱਕ ਸਮਾਗਮ ਵਿੱਚ ਬੁਲਾਇਆ ਹੈ।

ਮੁੱਖ ਮੰਤਰੀ ਬੀ ਐਸ ਯੇਦਯਰੱਪਾ ਦੇ ਸਹੁੰ ਚੁੱਕਦਿਆਂ ਹੀ ਕਰਨਾਟਕ ਵਿੱਚ ਸਿਆਸੀ ਸੰਕਟ ਵਰਗੀ ਸਥਿਤੀ ਬਣ ਗਈ ਸੀ। ਚੋਣਾਂ ਬਾਅਦ ਬਣੇ ਕਾਂਗਰਸ-ਜੇਡੀਐਸ ਗਠਜੋੜ ਦਾ ਦਾਅਵਾ ਸੀ ਕਿ ਬੀਜੇਪੀ ਕੋਲ ਬਹੁਮਤ ਨਹੀਂ ਹੈ ਤੇ ਰਾਜਪਾਲ ਨੇ ਗ਼ੈਰ ਸੰਵਿਧਾਨਿਕ ਤਰੀਕੇ ਨਾਲ ਯੇਦਯਰੱਪਾ ਨੂੰ ਸਹੁੰ ਚੁਕਵਾਈ ਹੈ। ਇਸ ਪਿੱਛੋਂ ਮਾਮਲਾ ਅਦਾਲਤ ਵਿੱਚ ਲਿਜਾਇਆ ਗਿਆ ਜਿੱਥੇ ਸੁਪਰੀਮ ਕੋਰਟ ਨੇ ਬੀਜੇਪੀ ਨੂੰ ਝਟਕਾ ਦਿੰਦਿਆਂ ਬਹੁਮਤ ਸਾਬਿਤ ਕਰਨ ਦੀ ਮਿਆਦ 15 ਦਿਨਾਂ ਤੋਂ ਘਟਾ ਕੇ ਅਗਲੇ ਦਿਨ ਸ਼ਾਮ 4 ਵਜੇ ਤਕ ਕਰ ਦਿੱਤੀ ਸੀ। ਬੀਤੇ ਦਿਨ ਫਲੋਰ ਟੈਸਟ ਤੋਂ ਪਹਿਲਾਂ ਹੀ ਯੇਦਯਰੱਪਾ ਨੇ ਅਸਤੀਫ਼ਾ ਦੇ ਦਿੱਤਾ। ਇਸ ਦੇ ਨਾਲ ਹੀ ਮਹਿਜ਼ ਤਿੰਨ ਦਿਨ ਪੁਰਾਣੀ ਬੀਜੇਪੀ ਸਰਕਾਰ ਡਿੱਗ ਗਈ।