ਚੰਡੀਗੜ੍ਹ: ਬੀਤੇ ਕੱਲ੍ਹ ਪੰਚਕੁਲਾ ਦੀ ਅਨਾਜ ਮੰਡੀ ਵਿੱਚ ਹਰਿਆਣਾ ਦੀ ਕਰਣੀ ਸੈਨਾ ਵੱਲੋਂ ਫ਼ਿਲਮ ਪਦਮਾਵਤੀ ਦੇ ਵਿਰੋਧ ਵਿੱਚ ਰੈਲੀ ਕੀਤੀ ਗਈ। ਹਾਲਾਂਕਿ, ਇਸ ਰੈਲੀ ਬਾਰੇ ਕਰਣੀ ਸੈਨਾ ਪਹਿਲਾਂ ਵੀ ਐਲਾਨ ਕਰਦੀ ਆ ਰਹੀ ਸੀ, ਪਰ ਫ਼ਿਲਮ ਦੇ ਵਿਰੋਧ ਦੇ ਨਾਲ-ਨਾਲ ਇੱਥੇ ਹਰਿਆਣਾ ਦੇ ਸਵੈ-ਘੋਸ਼ਿਤ ਰੱਬੀ ਰੂਪ ਸੰਤ ਰਾਮਪਾਲ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ।
ਰੈਲੀ ਵਿੱਚ ਸੰਤ ਰਾਮਪਾਲ ਵਿਰੁੱਧ ਦਰਜ ਮਕੱਦਮਿਆਂ ਨੂੰ ਝੂਠੇ ਦੱਸਦਿਆਂ ਰੱਦ ਕਰਨ ਤੇ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਦੱਸ ਦੇਈਏ ਕਿ ਸੰਤ ਰਾਮਪਾਲ ਵਿਰੁੱਧ ਆਪਣੇ ਸਮਰਥਕਾਂ ਨੂੰ ਬੰਧਕ ਬਣਾਉਣ ਤੇ ਸਰਕਾਰੀ ਕੰਮ ਵਿੱਚ ਅੜਿੱਕੇ ਡਾਹੁਣ ਦੇ ਮਾਮਲਿਆਂ ਦੇ ਨਾਲ-ਨਾਲ ਹਿੰਸਾ ਭੜਕਾਉਣ ਤੇ ਅਦਾਲਤੀ ਹੁਕਮਾਂ ਦੀ ਅਵੱਗਿਆ ਕਰਨ ਦੇ ਮਾਮਲੇ ਦਰਜ ਸਨ। ਇਨ੍ਹਾਂ ਵਿੱਚੋਂ 1 ਮਾਮਲੇ ਵਿੱਚੋਂ ਰਾਮਪਾਲ ਨੂੰ ਮੁਕੱਦਮਾ ਨੰਬਰ 426 ਤੇ 427 ਵਿੱਚੋਂ ਬਰੀ ਕਰ ਦਿੱਤਾ ਗਿਆ ਹੈ, ਪਰ ਹਾਲੇ ਵੀ ਉਸ ਵਿਰੁੱਧ ਅਦਾਲਤੀ ਸੁਣਵਾਈ ਜਾਰੀ ਹੈ।
ਰਾਜਪੂਤ ਰਾਣੀ ਪਦਮਾਵਤੀ ਦੇ ਜੀਵਨ 'ਤੇ ਬਣੀ ਫ਼ਿਲਮ ਹਾਲਾਂਕਿ ਨਾ ਤਾਂ ਰਿਲੀਜ਼ ਹੋਈ ਹੈ ਤੇ ਨਾ ਹੀ ਰਿਲੀਜ਼ ਦਾ ਰਾਹ ਪੱਧਰਾ ਹੋਇਆ ਹੈ ਪਰ ਰਾਜਪੂਤ ਕਰਣੀ ਸੈਨਾ ਫਿਲਮ ਬੈਨ ਕਰਵਾਉਣ 'ਤੇ ਅੜੀ ਹੋਈ ਹੈ। ਪੰਚਕੂਲਾ ਦੀ ਸਵਾਭਿਮਾਨ ਰੈਲੀ 'ਚ ਰੈਲੀ ਵਿੱਚ ਰਾਜਪੂਤਾਨਾ ਵਿਰਾਸਤ ਜਾਗਰਿਤੀ ਮੰਚ, ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸਮੇਤ ਕਈ ਨੇਤਾ ਪਹੁੰਚੇ ਸਨ।
ਰਾਜਸਥਾਨ ਤੋਂ ਸਾਂਸਦ ਰਾਜਾ ਸੰਜੇ ਸਿੰਘ ਨੂੰ ਰੈਲੀ ਵਿੱਚ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਦੇ ਨਾਲ ਨਾਲ ਵਿਵਾਦਿਤ ਸਾਧਵੀ ਦੇਵਾ ਠਾਕੁਰ ਨੇ ਫ਼ਿਲਮ ਪਦਮਾਵਤੀ ਦਾ ਵਿਰੋਧ ਕੀਤਾ। ਸਾਰੇ ਬੁਲਾਰਿਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਫ਼ਿਲਮ ਨਿਰਮਾਤਾ ਨੂੰ ਸਿਨਮਾ ਹਾਲ ਫੂਕਣ ਦੀ ਧਮਕੀ ਦਿੱਤੀ। ਸਾਂਸਦ ਰਾਜਾ ਸੰਜੇ ਸਿੰਘ ਨੇ ਫ਼ਿਲਮ ਨਿਰਮਾਤਾ ਨੂੰ ਤਿੱਖਏ ਸਵਾਲ ਕੀਤੇ।
ਰੈਲੀ ਵਿੱਚ ਪਹੁੰਚੇ ਲੋਕ ਭਾਵੇਂ ਕਹਿਣ ਨੂੰ ਪਦਮਾਵਤੀ ਦਾ ਵਿਰੋਧ ਕਰਨ ਆਏ ਸੀ ਪਰ ਇਨਾਂ ਦੇ ਹੱਥ ਵਿੱਚ ਜੇਲ ਚ ਬੈਠੇ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦੀਆਂ ਤਸਵੀਰਾਂ ਵਾਲੇ ਪੋਸਟਰ ਫੜੇ ਹੋਏ ਸਨ। ਹੈਰਾਨੀ ਦੀ ਗੱਲ ਹੋਰ ਵੀ ਸੀ ਜਦੋਂ ਸਟੇਜ ਤੋਂ ਕਰਣੀ ਸੈਨਾ ਦੇ ਆਗੂਆਂ ਨੇ ਰਾਮਪਾਲ ਦੀ ਰਿਹਾਈ ਲਈ ਨਾਅਰੇ ਲਾਏ। ਰਾਜਪੂਤ ਕਰਣੀ ਸੇਨਾ ਦੇ ਨੇਤਾਵਾਂ ਨੇ ਫ਼ਿਲਮ ਦੇ ਵਿਰੋਧ 'ਚ 25 ਦਸੰਬਰ ਨੂੰ ਭਿਵਾਨੀ 'ਚ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਹੈ।