ED Seventh Summon to Arvind Kejriwal: ਕੇਜਰੀਵਾਲ ਨੂੰ ਸੰਮਨ 'ਤੇ ਸੰਮਨ, ਈਡੀ ਨੇ 7ਵੀਂ ਵਾਰ ਕੀਤਾ ਤਲਬ
ED Seventh Summon to Arvind Kejriwal: ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜ ਕੇ ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਸੋਮਵਾਰ (19 ਫਰਵਰੀ 2024) ਨੂੰ ਈਡੀ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋਏ ਸੀ।
ED Seventh Summon to Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ 7ਵਾਂ ਸੰਮਨ ਭੇਜਿਆ ਗਿਆ ਹੈ। ਈਡੀ ਨੇ ਉਨ੍ਹਾਂ ਨੂੰ ਵੀਰਵਾਰ (22 ਫਰਵਰੀ) ਨੂੰ ਸੰਮਨ ਭੇਜ ਕੇ ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਸੋਮਵਾਰ (19 ਫਰਵਰੀ 2024) ਨੂੰ ਈਡੀ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋਏ ਸੀ। ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈਡੀ ਕੇਜਰੀਵਾਲ ਨੂੰ ਪੁੱਛਗਿੱਛ ਲਈ ਤਲਬ ਕਰ ਰਹੀ ਹੈ।
ਦੱਸ ਦਈਏ ਕਿ ਈਡੀ ਦੇ ਸੰਮਨਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ 'ਆਪ' ਨੇ ਕਿਹਾ ਸੀ ਕਿ ਈਡੀ ਦੇ ਸੰਮਨਾਂ ਦੀ ਵੈਧਤਾ ਦਾ ਮੁੱਦਾ ਹੁਣ ਅਦਾਲਤ ਵਿੱਚ ਹੈ। ਈਡੀ ਨੇ ਖੁਦ ਅਦਾਲਤ ਤੱਕ ਪਹੁੰਚ ਕੀਤੀ ਹੈ। ਈਡੀ ਨੂੰ ਵਾਰ-ਵਾਰ ਸੰਮਨ ਭੇਜਣ ਦੀ ਬਜਾਏ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਇਹ 6ਵਾਂ ਮੌਕਾ ਸੀ ਜਦੋਂ ਈਡੀ ਦੇ ਸੰਮਨ 'ਤੇ ਕੇਜਰੀਵਾਲ ਪੇਸ਼ ਨਹੀਂ ਹੋਏ।
ED ਨੇ ਕੇਜਰੀਵਾਲ ਨੂੰ ਕਦੋਂ-ਕਦੋਂ ਭੇਜਿਆ ਸੰਮਨ?
ਈਡੀ ਨੇ 2 ਨਵੰਬਰ 2023 ਨੂੰ ਕੇਜਰੀਵਾਲ ਨੂੰ ਪਹਿਲਾ ਸੰਮਨ ਭੇਜਿਆ ਸੀ। ਉਹ ਇਸ ਸੰਮਨ 'ਤੇ ਪੇਸ਼ ਨਹੀਂ ਹੋਏ ਸੀ। ਈਡੀ ਨੇ 21 ਦਸੰਬਰ 2023 ਨੂੰ ਦੂਜਾ ਸੰਮਨ ਭੇਜਿਆ, ਇਸ ਵਿੱਚ ਵੀ ਦਿੱਲੀ ਦੇ ਮੁੱਖ ਮੰਤਰੀ ਪੇਸ਼ ਨਹੀਂ ਹੋਏ। 3 ਜਨਵਰੀ 2024 ਨੂੰ ਈਡੀ ਵੱਲੋਂ ਕੇਜਰੀਵਾਲ ਨੂੰ ਤੀਜਾ ਸੰਮਨ ਭੇਜਿਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ।
ਇਸ ਮਗਰੋਂ 17 ਜਨਵਰੀ 2024 ਨੂੰ ਈਡੀ ਨੇ ਚੌਥਾ ਸੰਮਨ ਭੇਜਿਆ ਸੀ ਪਰ ਕੇਜਰੀਵਾਲ ਇੱਕ ਵਾਰ ਫਿਰ ਗੈਰਹਾਜ਼ਰ ਰਹੇ। 2 ਫਰਵਰੀ 2024 ਨੂੰ ਈਡੀ ਨੇ 5ਵਾਂ ਸੰਮਨ ਭੇਜਿਆ ਪਰ ਕੇਜਰੀਵਾਲ ਪੇਸ਼ ਨਹੀਂ ਹੋਏ। 14 ਫਰਵਰੀ ਨੂੰ ਛੇਵਾਂ ਸੰਮਨ ਭੇਜਣ ਤੋਂ ਬਾਅਦ ਈਡੀ ਨੇ 19 ਫਰਵਰੀ ਨੂੰ ਬੁਲਾਇਆ ਸੀ ਪਰ ਕੇਜਰੀਵਾਲ ਮੁੜ ਪੇਸ਼ ਨਹੀਂ ਹੋਏ।
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਛੇ ਸੰਮਨਾਂ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ 17 ਫਰਵਰੀ ਨੂੰ ਈਡੀ ਅਦਾਲਤ ਦੀ ਸੁਣਵਾਈ ਵਿੱਚ ਸ਼ਾਮਲ ਹੋਏ ਸਨ। ਕੇਜਰੀਵਾਲ ਦੇ ਵਕੀਲ ਨੇ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਸੀ। ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਦਿੱਲੀ ਸਰਕਾਰ ਦੇ ਬਜਟ ਤੇ ਭਰੋਸੇ ਦੇ ਪ੍ਰਸਤਾਵ ਕਾਰਨ ਪੇਸ਼ ਨਹੀਂ ਹੋ ਸਕੇ।
ਕੇਜਰੀਵਾਲ ਨੇ ਅਦਾਲਤ ਨੂੰ ਕਿਹਾ ਸੀ ਕਿ ਮੈਂ ਆਉਣਾ ਚਾਹੁੰਦਾ ਸੀ ਪਰ ਬਜਟ ਤੇ ਭਰੋਸੇ ਦੇ ਪ੍ਰਸਤਾਵ ਕਾਰਨ ਨਹੀਂ ਆ ਸਕਿਆ। ਅਗਲੀ ਤਰੀਕ ਨੂੰ ਪੇਸ਼ ਹੋਵਾਂਗਾ। ਈਡੀ ਨੇ ਇਸ ਦਾ ਵਿਰੋਧ ਨਹੀਂ ਸੀ ਕੀਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਣੀ ਹੈ।