ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਦਿੱਲੀਓਂ ਬਾਹਰ ਸਿਆਸੀ ਸੰਭਾਵਨਾ ਭਾਲ ਰਹੀ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਨੋਇਡਾ ਵਿੱਚ ਵੱਡੀ ਰੈਲੀ ਕੀਤੀ। ਦਰਅਸਲ, ਆਪ ਰਾਜਸਭਾ ਸੰਸਦ ਮੈਂਬਰ ਸੰਜੈ ਸਿੰਘ 28 ਅਗਸਤ ਤੋਂ ਪੱਛਮ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਪੈਦਲ ਯਾਤਰਾ ਕਰ ਰਹੇ ਸੀ ਜਿਸ ਦੀ ਸਮਾਪਤੀ ਨੋਇਡਾ ਵਿੱਚ ਹੋਈ ਸੀ। ਇਸ ਮੌਕੇ ਮੋਦੀ ਸਰਕਾਰ ਨੂੰ ਲਗਾਤਾਰ ਘੇਰਨ ਵਾਲੇ ਬੀਜੇਪੀ ਦੇ ਬਾਗੀ ਯਸ਼ਵੰਤ ਸਿਨ੍ਹਾ ਤੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਵੀ ਮੌਜੂਦ ਸਨ।
ਇਸ ਮੌਕੇ ਸੀਐਮ ਅਰਵਿੰਦਰ ਕੇਜਰੀਵਾਲ ਨੇ ਯਸ਼ਵੰਤ ਸਿਨ੍ਹਾ ਨੂੰ ਆਪਣੇ ਮੰਚ ਤੋਂ ਲੋਕਸਭਾ ਚੋਣਾਂ ਲੜਨ ਲਈ ਕਿਹਾ। ਸੀਐਮ ਨੇ ਰੈਲੀ ਵਿੱਚ ਮੌਜੂਦ ਲੋਕਾਂ ਤੋਂ ਪੁੱਛਿਆ ਕਿ ਕੀ ਯਸ਼ਵੰਤ ਨੂੰ ਲੜਨਾ ਚਾਹੀਦਾ ਹੈ? ਲੋਕਾਂ ਨੇ ਇਸਦਾ ਜਵਾਬ ‘ਹਾਂ’ ਵਿੱਚ ਦਿੱਤਾ। ਫਿਰ ਕੇਜਰੀਵਾਲ ਨੇ ਕਿਹਾ ਕਿ ਇਹ ਉਹ ਨਹੀਂ, ਬਲਕਿ ਲੋਕ ਚਾਹੁੰਦੇ ਹਨ ਕਿ ਯਸ਼ਵੰਤ ਸਿਨ੍ਹਾ ਚੋਣਾਂ ਲੜਨ। ਕੇਜਰੀਵਾਲ ਨੇ ਬਗੈਰ ਕਿਸੇ ਪਾਰਟੀ ਦਾ ਨਾਂ ਲਏ ਕਿਹਾ ਕਿ ਸ਼ਤਰੂਘਨ ਤਾਂ ਚੋਣ ਲੜ ਰਹੇ ਹਨ, ਉਨ੍ਹਾਂ ਇਸ ਨੂੰ ਖਾਰਜ ਨਹੀਂ ਕੀਤਾ।
ਇਸ ਮੌਕੇ ਤਿੰਨਾਂ ਲੀਡਰਾਂ ਨੇ ਨੋਟਬੰਦੀ, ਮਹਿੰਗਾਈ ਤੇ ਰਾਫੇਲ ਜਿਹੇ ਮੁੱਦਿਆਂ ਸਬੰਧੀ ਮੋਦੀ ਸਰਕਾਰ ਦੀ ਰੱਜ ਕੇ ਲਾਹਪਾਹ ਕੀਤੀ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ 2014 ਵਿੱਚ ਮੋਦੀ ਨੂੰ ਜਤਾਉਣ ਲਈ ਵੋਟਾਂ ਪਾਈਆਂ ਸੀ ਉਸੇ ਤਰ੍ਹਾਂ 2019 ਵਿੱਚ ਮੋਦੀ ਨੂੰ ਹਰਾਉਣ ਲਈ ਵੋਟਾਂ ਪਾਉਣ। ਸ਼ਤਰੂਘਨ ਸਿਨ੍ਹਾ ਨੇ ਪੀਐਮ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ਨੂੰ ‘ਤਾਨਾਸ਼ਾਹ’ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਦੇ ਅੰਤਰਗਤ ਰਾਤੋ-ਰਾਤ ਨੋਟਬੰਦੀ ਕਰ ਦਿੱਤੀ ਗਈ।
‘ਆਪ’ ਦੀ ਰੈਲੀ ਖ਼ਤਮ ਹੁੰਦਿਆਂ ਹੀ ਲਗਾਤਾਰ ਮੰਚ ਤੋਂ ਮੋਬਾਈਲ ਗਾਇਬ ਹੋਣ ਦੇ ਐਲਾਨ ਹੁੰਦੇ ਰਹੇ। ਰੈਲੀ ਵਿੱਚੋਂ ਯਸ਼ਵੰਤ ਸਿਨ੍ਹਾ ਦਾ ਮੋਬਾਈਲ ਵੀ ਗਾਇਬ ਹੋ ਗਿਆ। ਨੋਇਡਾ ਦੇ ਆਪ ਸੰਗਠਿਤ ਮਹਾਮੰਤਰੀ ਸੁਨੀਲ ਚੌਧਰੀ ਨੇ ਦੱਸਿਆ ਕਿ ਯਸ਼ਵੰਤ ਦਾ ਮੋਬਾਈਲ ਡਿੱਗ ਗਿਆ। ਐਲਾਨ ਕੀਤਾ ਗਿਆ ਕਿ ਜਿਸਨੂੰ ਵੀ ਮੋਬਾਈਲ ਮਿਲੇ ਦੇ ਦੇਵੇ।