ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਕੋਰੋਨਾਵਾਇਰਸ ਦਾ ਹੌਟਸਪੋਟ ਬਣੀ ਹੋਈ ਹੈ। ਅਜਿਹੇ ਵਿੱਚ ਕੇਜਰੀਵਾਲ ਸਰਕਾਰ ਰਾਜਧਾਨੀ 'ਚ ਕੋਰੋਨਾ ਮਹਾਮਾਰੀ ਤੇ ਕਾਬੂ ਪਾਉਣ ਦੀ ਨਿਯੰਤਰਿਤ ਕੋਸ਼ਿਸ਼ ਕਰ ਰਹੀ ਹੈ। ਇੱਕ ਪਾਸੇ ਮਾਸਕ ਨਾ ਲਗਾਉਣ 'ਤੇ 2 ਹਜ਼ਾਰ ਰੁਪਏ ਜੁਰਮਾਨਾ ਰੱਖਿਆ ਗਿਆ ਹੈ ਤਾਂ ਉਥੇ ਹੀ ਹੁਣ ਟੈਸਟਾਂ ਵਿੱਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਲੈਬ ਨੂੰ RT-PCR ਟੈਸਟ ਦਾ ਚਾਰਜ ਘਟਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।


ਮੁੱਖ ਮੰਤਰੀ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ, "ਮੈਂ ਨਿਰਦੇਸ਼ ਦਿੱਤੇ ਹਨ ਕਿ ਦਿੱਲੀ 'ਚ RT-PCR ਟੈਸਟ ਦੇ ਰੇਟ ਘੱਟ ਕੀਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਮੁਫ਼ਤ ਵਿੱਚ ਇਹ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਲੋਕ ਨਿੱਜੀ ਲੈਬ ਵਿੱਚ ਇਹ ਟੈਸਟ ਕਰਵਾ ਰਹੇ ਹਨ ਉਨ੍ਹਾਂ ਨੂੰ ਇਸ ਦੇ ਪੈਸੇ ਘੱਟ ਕਰਨ ਨਾਲ ਮਦਦ ਮਿਲੇਗੀ।



ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 4,906 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਇੱਥੇ ਲਾਗ ਦੀ ਦਰ 7.64 ਪ੍ਰਤੀਸ਼ਤ ਹੈ। ਰਾਜਧਾਨੀ ਵਿੱਚ ਲਾਗ ਦੇ ਕਾਰਨ 68 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਦਿੱਲੀ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 9,066 ਹੋ ਗਈ।