ਨਵੀਂ ਦਿੱਲੀ: ਦੱਖਣੀ ਭਾਰਤੀ ਸੂਬੇ ਕੇਰਲ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੂੰਹ ‘ਤੇ ਸਹੁਰਾ ਪਰਿਵਾਰ ਦੇ ਛੇ ਲੋਕਾਂ ਨੂੰ ਪੋਟਾਸ਼ੀਅਮ ਸਾਈਨਾਈਡ ਦੇ ਕੇ ਜਾਨੋ ਮਾਰਨ ਦਾ ਇਲਜ਼ਾਮ ਲੱਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ 47 ਸਾਲਾ ਜੂਲੀ ਸ਼ਜੂ ਨੇ 2002 ਤੇ 2014 ਦੌਰਾਨ ਆਪਣੇ ਪਹਿਲੇ ਪਤੀ, ਉਸ ਦੇ ਮਾਤਾ-ਪਿਤਾ, ਸਾਬਕਾ ਪਤਨੀ ਤੇ ਦੋ ਹੋਰ ਮਰਦਾਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।


ਪੁਲਿਸ ਨੇ ਇਹ ਵੀ ਕਿਹਾ ਕਿ ਜੂਲੀ ਨੇ ਖੁਦ ਸਾਈਨਾਈਡ ਦੇਣ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੂਲੀ ਸ਼ਜੂ ਨੂੰ ਦੋ ਹੋਰ ਸ਼ੱਕੀਆਂ ਨਾਲ 16 ਅਕਤੂਬਰ ਤਕ ਰਿਮਾਂਡ ‘ਤੇ ਰੱਖਿਆ ਗਿਆ ਹੈ ਜੋ ਉਸ ਦੇ ਸਾਥੀ ਸੀ।

ਖ਼ਬਰਾਂ ਮੁਤਾਬਕ ਦੋ ਵਿਅਕਤੀਆਂ ਵਿੱਚੋਂ ਇੱਕ ਪ੍ਰੇਜ਼ੀ ਕੁਮਾਰ ਜੋ ਸੁਨਾਰ ਹੈ, ‘ਤੇ ਇਲਜ਼ਾਮ ਹੈ ਕਿ ਉਸ ਨੇ ਜੂਲੀ ਸ਼ਜੂ ਨੂੰ ਸਾਈਨਾਈਡ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ, ਉਸ ਨੂੰ ਲੱਗਿਆ ਸੀ ਕੀ ਜੂਲੀ ਸ਼ਜੂ ਜ਼ਹਿਰੀਲੇ ਚੂਹਿਆਂ ਲਈ ਸਾਈਨਾਈਡ ਖਰੀਦ ਰਹੀ ਹੈ।