ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸੜਕਾਂ ‘ਤੇ ਭੱਜਦੀਆਂ ਗੱਡੀਆਂ ਤਾਂ ਤੁਸੀਂ ਆਮ ਦੇਖਦੇ ਹੀ ਹੋ ਪਰ ਜਦੋਂ ਕਿਸੇ ਨੂੰ ਘੁੜਸਵਾਰੀ ਕਰਦੇ ਦੇਖਦੇ ਹਾਂ ਤਾਂ ਨਜ਼ਰਾਂ ਉਸ ‘ਤੇ ਟਿੱਕ ਜਾਂਦੀਆਂ ਹਨ। ਅਜਿਹੇ ‘ਚ ਜੇਕਰ ਤੁਹਾਡੇ ਸਾਹਮਣੇ ਤੋਂ ਕੋਈ ਵਿਦਿਆਰਥਣ ਘੋੜੇ ‘ਤੇ ਨਿਕਲੇ ਤੇ ਉਹ ਵੀ ਆਪਣਾ ਇਮਤਿਹਾਨ ਦੇਣ ਜਾ ਰਹੀ ਹੋਵੇ ਤਾਂ ਤੁਹਾਡਾ ਹੈਰਾਨ ਹੋਣਾ ਲਾਜ਼ਮੀ ਹੀ ਹੈ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਦਿਆਰਥਣ ਆਪਣਾ ਸਕੂਲ ਬੈਗ ਮੋਢਿਆਂ ‘ਤੇ ਟੰਗੇ ਤੇਜ਼ੀ ਨਾਲ ਘੋੜਾ ਦੌੜਾਉਂਦੀ ਜਾ ਰਹੀ ਹੈ। ਰਾਹ ‘ਚ ਕੁਝ ਲੋਕ ਉਸ ਨੂੰ ਪੁੱਛਦੇ ਵੀ ਹਨ ਪਰ ਕੁੜੀ ਇਹ ਕਹਿ ਕੇ ਅੱਗੇ ਵਧ ਰਹੀ ਹੈ ਕਿ ਉਹ ਸਕੂਲ ਲਈ ਲੇਟ ਹੋ ਰਹੀ ਹੈ।


ਕੁੜੀ ਦਾ ਘੋੜੇ ‘ਤੇ ਸਕੂਲ ਜਾਣ ਦਾ ਵੀਡੀਓ ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਵੀ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁੜੀ ਨੂੰ ਹੀਰੋ ਕਿਹਾ ਤੇ ਉਸ ਬਾਰੇ ਪੁੱਛਿਆ। ਇਸ ਤੋਂ ਬਾਅਦ ਯੂਜ਼ਰਸ ਨੇ ਕੁੜੀ ਬਾਰੇ ਦੱਸਿਆ। ਇਸ ਯੂਜ਼ਰ ਨੇ ਦੱਸਿਆ ਕਿ ਉਹ ਕੇਲਰ ਦੇ ਥ੍ਰਿਸੂਰ ‘ਚ ਹੋਲੀ ਗ੍ਰੇਸ ਸਕੂਲ ‘ਚ 10ਵੀਂ ਦੀ ਵਿਦਿਆਰਥਣ ਹੈ ਤੇ ਪੇਪਰ ਦੇਣ ਜਾ ਰਹੀ ਹੈ।