ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 32 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੱਕ ਪਾਸੇ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਤੇ ਦੂਜੇ ਪਾਸੇ ਕੜਾਕੇ ਦੀ ਠੰਢ ਕਿਸਾਨਾਂ ਨੂੰ ਚੁਣੌਤੀ ਦੇ ਰਹੀ ਹੈ ਪਰ ਫੇਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨ ਬਿਨ੍ਹਾਂ ਠੰਢ ਦੀ ਫਿਕਰ ਕੀਤੇ ਕੌਮੀ ਰਾਜਧਾਨੀ ਦੀਆਂ ਹੱਦਾਂ ਤੇ ਡਟੇ ਹੋਏ ਹਨ। ਇਸ ਦੌਰਾਨ ਇੱਕ ਗੈਰ ਸਰਕਾਰੀ ਸੰਸਥਾ 'ਖਾਲਸਾ ਏਡ' ਕਿਸਾਨਾਂ ਦੇ ਇਸ ਅੰਦੋਲਨ 'ਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ। ਖਾਲਸਾ ਏਡ ਨੇ ਅੰਦੋਲਨ ਵਾਲੀ ਥਾਂ ਤੇ ਹੀ ਆਪਣਾ ਕੈਂਪ ਸਥਾਪਤ ਕੀਤਾ ਹੈ ਤੇ ਇਹ ਸੰਸਥਾ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੀ ਹੈ।
ਕਿਸਾਨਾਂ ਨੂੰ ਲੋੜ ਮੁਤਾਬਕ ਹਰਕੇ ਚੀਜ਼ ਖਾਲਸਾ ਏਡ ਮੁਹੱਈਆ ਕਰਵਾ ਰਹੀ ਹੈ। ਬਹੁਤ ਸਾਰੇ ਪੰਜਾਬੀ ਗਾਇਕ ਅਤੇ ਟੀਵੀ ਕਲਾਕਾਰ ਵੀ ਖਾਲਸਾ ਏਡ ਦੇ ਇਸ ਕੈਂਪ 'ਚ ਸ਼ਾਮਲ ਹੋ ਕਿ ਕਿਸਾਨਾਂ ਦੀ ਸੇਵਾ ਕਰ ਚੁੱਕੇ ਹਨ। ਆਓ ਜਾਣਦੇ ਹਾਂ ਕਿ ਖਾਲਸਾ ਏਡ ਕਿੰਝ ਸ਼ੁਰੂ ਹੋਈ ਤੇ ਕੀ ਹੈ ਇਸ ਦੀ ਮੁਕੰਮਲ ਕਹਾਣੀ
ਖਾਲਸਾ ਏਡ ਦੀ ਸ਼ੁਰੂਆਤ ਕਰਨ ਵਾਲੇ ਰਵੀ ਸਿੰਘ ਹਨ। ਖ਼ਾਲਸਾ ਏਡ ਦੀ ਫ਼ੌਜ
ਖ਼ਾਲਸਾ ਏਡ 25 ਤੋਂ ਵੱਧ ਦੇਸ਼ਾਂ ‘ਚ ਆਪਣੇ ਮਿਸ਼ਨ ਪੂਰੇ ਕਰ ਚੁੱਕਾ ਹੈ। ਇਸ ਸੰਸਥਾਂ ਦੇ 6 ਮੁੱਖ ਟਰੱਸਟੀ ਹਨ। 2012 ਤੋਂ ਖ਼ਾਲਸਾ ਏਡ ਭਾਰਤ ‘ਚ ਗੈਰ ਸਰਕਾਰੀ ਸੰਸਥਾ ਵਜੋਂ ਦਰਜ ਹੋਈ। ਭਾਰਤ ‘ਚ ਇਸ ਦੇ 9 ਟਰੱਸਟੀ ਹਨ। ਇਸ ਸਮੇਂ ਖ਼ਾਲਸਾ ਏਡ ਦੇ 18 ਹਜ਼ਾਰ ਸਮਾਜਿਕ ਕਾਰਕੁਨ ਹਨ।
ਖ਼ਾਲਸਾ ਏਡ ਦੇ ਵਿੱਤੀ ਸਾਧਨ
ਖ਼ਾਲਸਾ ਏਡ ਆਪਣੇ ਵਲੰਟੀਅਰ ਦੀ ਦਸਵੰਦ ਤੇ ਸੰਸਾਰ ਭਰ ਤੋਂ ਕੀਤੇ ਜਾਂਦੇ ਦਾਨ ਤੋਂ ਚੱਲਦੀ ਹੈ। ਖ਼ਾਲਸਾ ਏਡ ਨੂੰ ਪੈਸਾ ਸਿੱਧਾ ਅਕਾਉਂਟ ‘ਚ ਹੀ ਦਿੱਤਾ ਜਾਂਦਾ ਹੈ। ਖ਼ਾਲਸਾ ਏਡ ਨੂੰ ਇੰਗਲੈਂਡ ‘ਚ ਜਸਟ ਗੀਵਿੰਗ ਵੈਬਸਾਈਟ ਰਾਹੀਂ ਦਾਨ ਦਿੱਤਾ ਜਾਂਦਾ ਹੈ। ਇਹ ਇੰਗਲੈਂਡ ਦੀ ਅਜਿਹੀ ਵੈਬਸਾਈਟ ਹੈ ਜਿੱਥੇ ਇੰਗਲੈਂਡ ‘ਚ ਕੰਮ ਕਰਦੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਫੰਡ ਜਮ੍ਹਾਂ ਹੁੰਦਾ ਹੈ। ਇਸੇ ਥਾਂ ਖ਼ਾਲਸਾ ਏਡ ਨੂੰ ਹੋਏ ਦਾਨ ਦਾ 2.5 ਫੀਸਦੀ ਸਰਕਾਰ ਵੱਲੋਂ ਪੈਸਾ ਪਾਇਆ ਜਾਂਦਾ ਹੈ। ਖ਼ਾਲਸਾ ਏਡ ਦੇ ਪ੍ਰਬੰਧਕੀ ਢਾਂਚੇ ਦੇ ਖਰਚੇ ਤੇ ਕਰਮਚਾਰੀਆਂ ਦੀ ਤਨਖਾਹ ਇਸੇ 2.5 ਫੀਸਦੀ ‘ਚੋਂ ਨਿਕਲਦੀ ਹੈ।
ਖ਼ਾਲਸਾ ਏਡ ਦੇ ਮਿਸ਼ਨ
ਸ਼ੁਰੂਆਤ
1999 ਅਪ੍ਰੈਲ – ਅਲਬਾਨੀਆ ਤੇ ਕੋਸੋਵਾ ਮਿਸ਼ਨ
ਕੋਸੋਵੋ ‘ਚ ਖ਼ੂਨੀ ਜੰਗ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਬੇਘਰ ਹੋ ਗਏ।ਜਦੋਂ ਸਿੱਖ ਕੌਮ ਵਿਸਾਖੀ ਮਨਾ ਰਹੀ ਸੀ ਉਨ੍ਹਾਂ ਸਮਿਆਂ ‘ਚ ਕੋਸੋਵੋ ‘ਚ ਜੰਗ ਨੇ ਉੱਥੋਂ ਦੇ ਲੋਕਾਂ ਦੇ ਹਲਾਤ ਮਾੜੇ ਕਰ ਦਿੱਤੇ ਸੀ। ਸਿਰਫ ਦੋ ਹਫਤਿਆਂ ‘ਚ ਇਸ ਜੰਗ ‘ਚ ਉਜੜਿਆਂ ਦੇ ਢਿੱਡ ‘ਚ ਰੋਟੀ ਪਾਉਣ ਲਈ ਇੱਕ ਹੋ ਕੇ ‘ਤੇ ਹੀ ਖਾਲਸਾ ਏਡ ਨੂੰ ਲੋਕਾਂ ਨੇ ਆਪਣੀ ਦਸਵੰਦ ‘ਚੋਂ ਮਦਦ ਕੀਤੀ ਤੇ ਦੋ ਟਰੱਕਾਂ ਦੇ ਕਾਫ਼ਲ਼ੇ ਨਾਲ ਕੋਸੋਵੋ ਦੀ ਜੰਗ ਦਰਮਿਆਨ ਖ਼ਾਲਸਾ ਏਡ ਲੰਗਰ ਮਾਰਫਤ ਪ੍ਰਸ਼ਾਦੇ ਛਕਾ ਰਹੇ ਸੀ।
2014 ਜਨਵਰੀ – ਯੁਨਾਈਟਡ ਕਿੰਗਡਮ ਹੜ੍ਹ
1999 ਤੋਂ ਸਰਗਰਮ ਖ਼ਾਲਸਾ ਏਡ ਨੂੰ 2014 ਦੇ ਸਮਰਸੈੱਟ ਤੇ ਬਰਕਸ਼ਾਇਰ ਖੇਤਰ ਵਾਲੇ ਪਿੰਡਾਂ ਅਤੇ ਆਲੇ ਦੁਆਲੇ ਆਏ ਹੜ੍ਹਾਂ ਦੌਰਾਨ ਮਦਦ ਤੋਂ ਬਾਅਦ ਤੇਜ਼ੀ ਨਾਲ ਪਛਾਣ ਮਿਲੀ। ਇਸ ਦੌਰਾਨ ਖ਼ਾਲਸਾ ਏਡ ਨੇ ਆਪਣੇ ਕਾਰਕੁਨਾਂ ਨਾਲ ਸਾਫ ਸਫਾਈ, ਖਾਣ-ਪੀਣ ਦੀ ਸੇਵਾ ਨਿਭਾਈ। ਖ਼ਾਲਸਾ ਏਡ ਵੱਲੋਂ ਦਿੱਤੀ ਸੇਵਾਂਵਾ ਦਾ ਗੋਰਿਆਂ ਨੇ ਦਿਲੋਂ ਸ਼ੁਕਰਾਨਾ ਕੀਤਾ ਤੇ ਖੁਦ ਵੀ ਅੱਗੇ ਆਉਣ ਵਾਲੀਆਂ ਮੁਹਿੰਮਾਂ ‘ਚ ਬਤੌਰ ਵਲੰਟੀਅਰ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ।
2015 ਅਪ੍ਰੈਲ: ਨੇਪਾਲ ਭੂਚਾਲ
ਭੂਚਾਲ ਤੋਂ ਪ੍ਰਭਾਵਿਤ ਹੋਏ 12,000 ਪੀੜਤਾਂ ਤੱਕ ਰੋਜ਼ਾਨਾ 10,000 ਬੰਦਿਆਂ ਲਈ ਲੰਗਰ ਦਾ ਪ੍ਰਬੰਧ ਕਰ ਖ਼ਾਲਸਾ ਏਡ ਨੇ ਨੇਪਾਲ ‘ਚ ਵੱਡੀ ਮਦਦ ਕੀਤੀ। ਖ਼ਾਲਸਾ ਏਡ ਨੇ ਲੰਗਰ ਦਾ ਪੂਰਾ ਪ੍ਰਬੰਧ ਲਗਾਤਾਰ 2 ਮਹੀਨੇ ਜਾਰੀ ਰੱਖਿਆ।
ਹੁਣ ਤੱਕ ਦੇ ਮਿਸ਼ਨ
- 1999 ਅਪ੍ਰੈਲ: ਅਲਬਾਨੀਆ ਗ੍ਰਹਿ ਯੁੱਧ ‘ਚ ਕੋਸੋਵੋ ਮਿਸ਼ਨ
- 1999 ਅਗਸਤ: ਤੁਰਕੀ ਭੂਚਾਲ ਮਿਸ਼ਨ
- 1999 ਦਸੰਬਰ : ਉੜੀਸਾ ਸੁਨਾਮੀ
- 2001 ਜਨਵਰੀ : ਗੁਜਰਾਤ ਭੂਚਾਲ
- 2002 ਜਨਵਰੀ : ਕਾਂਗੋ ਤੇ ਰਵਾਂਡਾ ਜਵਾਲਾਮੁਖੀ ਦੌਰਾਨ ਆਈ ਆਫਤ
- 2003 ਜੁਲਾਈ : ਕਾਬੁਲ ਸ਼ਰਨਾਰਥੀ ਮਿਸ਼ਨ
- 2004 ਦਸੰਬਰ : ਅੰਡਮਾਨ ਟਾਪੂ ਸੁਨਾਮੀ
- 2005 ਮਾਰਚ : ਪਾਕਿਸਤਾਨ ਭੂਚਾਲ
- 2007 ਮਾਰਚ : ਇੰਡੋਨੇਸ਼ੀਆ ਸੁਨਾਮੀ
- 2007 ਅਗਸਤ : ਪੰਜਾਬ ਹੜ੍ਹ
- 2010 ਜਨਵਰੀ : ਹੈਤੀ ਭੂਚਾਲ
- 2011 ਮਾਰਚ : ਲੀਬੀਆ ਅਤੇ ਸੀਰੀਆ ਮਿਸ਼ਨ
- 2013 ਜੂਨ : ਉਤਰਾਖੰਡ ਹੜ੍ਹ
- 2013 ਸਤੰਬਰ : ਮੁਜ਼ੱਫਰਨਗਰ ਦੰਗੇ
- 2014 ਜਨਵਰੀ : ਯੂਕੇ ਹੜ੍ਹ
- 2014 ਅਪ੍ਰੈਲ : ਲੇਬਨਾਨ ਸ਼ਰਨਾਰਥੀ ਮਿਸ਼ਨ
- 2014 ਜੁਲਾਈ : ਸਹਾਰਣਪੁਰ ਦੰਗੇ
- 2014 ਸਤੰਬਰ : ਜੰਮੂ ਕਸ਼ਮੀਰ ਹੜ੍ਹ
- 2015 ਅਪ੍ਰੈਲ : ਨੇਪਾਲ ਭੂਚਾਲ
- 2015 ਜੁਲਾਈ : ਯਮਨ ਗ੍ਰਹਿ ਯੁੱਧ
- 2016 ਮਈ : ਗ੍ਰੀਸ ਸ਼ਰਨਾਰਥੀ
- 2017 ਅਗਸਤ : ਰੋਹਿੰਗਿਆ ਮਿਸ਼ਨ
- 2019 : ਪੰਜਾਬ ਹੜ੍ਹ
- 2020 : ਕਿਸਾਨ ਅੰਦੋਲਨ