ਖੇਤੀਬਾੜੀ ਮੰਤਰੀ ਦਲਾਲ ਦੀਆਂ ਵਧੀਆਂ ਮੁਸ਼ਕਲਾਂ, ਖਾਪ ਪੰਚਾਇਤਾਂ ਲੈਣਗੀਆਂ ਵੱਡਾ ਫੈਸਲਾ
ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ ਭਾਜਪਾ ਤੇ ਜੇਜੇਪੀ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਜੇਕਰ ਪਿੰਡਾਂ ਵਿੱਚ ਕੋਈ ਭਾਜਪਾ ਆਗੂ ਸਮਾਗਮ ਕਰਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ।
ਭਿਵਾਨੀ: ਕਿਸਾਨਾਂ ਦੀਆਂ ਮੌਤਾਂ ਬਾਰੇ ਬੇਤੁਕਾ ਬਿਆਨ ਦੇਣ ਕਰਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦੀਆਂ ਮੁਸ਼ਕਲਾਂ ਵਧ ਗਈ ਹਨ। ਹੁਣ ਕਿਸਾਨ ਦਲਾਲ ਦੇ ਅਸਤੀਫੇ ਲਈ ਡਟ ਗਏ ਹਨ। ਇਸ ਲਈ ਅੱਜ ਦਲਾਲ ਖ਼ਿਲਾਫ਼ ਭਿਵਾਨੀ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਹਰਿਆਣਾ ਦੀਆਂ ਵੱਡੀ ਗਿਣਤੀ ਖਾਪ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਦਲਾਲ ਨੂੰ ਬਰਖਾਸਤ ਕਰਨ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨ ਵਿੱਚ ਮੌਤਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਤਾਂ ਘਰ ਬੈਠੇ ਵੀ ਹੋ ਜਾਣੀ ਸੀ। ਇਸ ਮੌਕੇ ਉਨ੍ਹਾਂ ਦੇ ਹਮਾਇਤੀ ਹੱਸਦੇ ਹੋਏ ਵੀ ਨਜ਼ਰ ਆਏ। ਇਹ ਵੀਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ਮਾਫੀ ਮੰਗ ਲਈ ਸੀ ਪਰ ਮਾਮਲਾ ਅਜੇ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਉਧਰ, ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ ਭਾਜਪਾ ਤੇ ਜੇਜੇਪੀ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਜੇਕਰ ਪਿੰਡਾਂ ਵਿੱਚ ਕੋਈ ਭਾਜਪਾ ਆਗੂ ਸਮਾਗਮ ਕਰਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਰਮ ਯੁੱਧ ਵਿੱਚ ਸ਼ਾਮਲ ਨਾ ਹੋਣ ਵਾਲੇ ਰਾਜਨੇਤਾਵਾਂ ਨੂੰ ਵੀ ਚੋਣਾਂ ਦੌਰਾਨ ਵੋਟਾਂ ਨਾ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਕਿਸਾਨ ਸੰਘਰਸ਼ ਅੱਜ ਧਰਮ ਯੁੱਧ ਬਣ ਚੁੱਕਿਆ ਹੈ। ਹੁਣ ਇਸ ਵਿੱਚ ਹਰ ਕਿਸੇ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਕਿਸਾਨ ਅੰਦੋਲਨ ਵਿੱਚ ਦੇਸ਼ ਭਰ ਤੋਂ ਲੋਕ ਹਿੱਸਾ ਲੈ ਰਹੇ ਹਨ ਪਰ ਹੰਕਾਰੀ ਹੋਈ ਕੇਂਦਰ ਸਰਕਾਰ ਨੂੰ ਲੋਕਾਂ ਦੇ ਇਕੱਠ ਵਿਖਾਈ ਨਹੀਂ ਦੇ ਰਹੇ ਹਨ।’’