ਨਵੀਂ ਦਿੱਲੀ: ਮੁਲਕ ਦੇ ਦੂਜੇ ਸਭ ਤੋਂ ਵੱਡੇ ਪੀਐਨਬੀ ਬੈਂਕ ਦੇ ਸਭ ਤੋਂ ਵੱਡੇ ਘੁਟਾਲੇ ਵਿੱਚ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਆਪਣਾ ਪੱਲਾ ਛੁਡਾਉਣ ਵਿੱਚ ਲੱਗੀਆਂ ਹਨ। ਸੱਚ ਇਹ ਹੈ ਕਿ ਇਹ ਘੁਟਾਲਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਇਆ ਸੀ ਤੇ ਪੀਐਮ ਨਰੇਂਦਰ ਮੋਦੀ ਦੇ ਦੌਰ ਵਿੱਚ ਇਸ ਨੇ ਚੰਗੀ ਤਰੱਕੀ ਕੀਤੀ।

ਏਬੀਪੀ ਨਿਊਜ਼ ਦੀ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਇਆ ਹੈ ਕਿ ਘੁਟਾਲੇ ਦੀ ਸ਼ੁਰੂਆਤ ਮਨਮੋਹਨ ਸਿੰਘ ਦੇ ਦੌਰ ਵਿੱਚ ਸਾਲ 2010 ਵਿੱਚ ਲੋਨ ਲੈਣ ਦੀ ਪ੍ਰਕ੍ਰਿਆ ਵਿੱਚੋਂ ਹੋਈ ਸੀ। ਲੋਨ ਦੇ ਪੈਸਿਆਂ ਨਾਲ ਕੱਚਾ ਹੀਰਾ ਖਰੀਦਿਆ ਗਿਆ ਤੇ ਪੁਰਾਣੇ ਲੋਨ ਵੀ ਚੁਕਾਏ ਗਏ। ਲਗਾਤਾਰ ਲੋਨ ਲੈਅ ਦਾ ਇਹ ਸਿਲਸਿਲਾ ਮੋਦੀ ਸਰਕਾਰ ਦੇ ਰਾਜ ਵਿੱਚ ਹੋਰ ਤੇਜ਼ ਹੋ ਗਿਆ।

ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 11 ਹਜ਼ਾਰ 500 ਕਰੋੜ ਦੇ ਘੁਟਾਲੇ ਵਿੱਚ ਵੱਡਾ ਹਿੱਸਾ ਮਾਮਾ ਮੇਹੁਲ ਚੌਕਸੀ ਤੇ ਛੋਟਾ ਹਿੱਸਾ ਭਾਣਜੇ ਨੀਰਵ ਮੋਦੀ ਦਾ ਹੈ। ਇਸ ਘੁਟਾਲੇ ਵਿੱਚ ਮੇਹੁਲ ਚੌਕਸੀ ਦਾ ਹਿੱਸਾ 11,500 ਕਰੋੜ ਵਿੱਚੋਂ 6000 ਕਰੋੜ ਤੋਂ ਜ਼ਿਆਦਾ ਹੈ। ਨੀਰਵ ਮੋਦੀ ਦਾ ਹਿੱਸਾ 4800 ਕਰੋੜ ਦਾ ਹੈ।

ਇਹ ਘੁਟਾਲਾ 2010 ਤੋਂ ਸ਼ੁਰੂ ਹੋਇਆ ਸੀ। ਸਾਲ 2010 ਦੇ ਵੀ ਕੁਝ ਐਲਓਯੂ ਸਾਹਮਣੇ ਆਏ ਹਨ। ਅਜੇ ਤੱਕ ਪੀਐਨਬੀ ਨੇ ਜਾਂਚ ਏਜੰਸੀਆਂ ਨੂੰ ਇਸ ਦੇ ਸਬੂਤ ਨਹੀਂ ਦਿੱਤੇ। ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ 2011 ਵਿੱਚ ਸ਼ੁਰੂ ਹੋਇਆ ਸੀ।

ਬੈਂਕਾਂ ਨੇ ਜਿਹੜਾ ਪੈਸਾ ਲਿਆ ਸੀ, ਉਸ ਨੂੰ ਟ੍ਰੇਡ ਵਿੱਚ ਇਸਤੇਮਾਲ ਨਹੀਂ ਕੀਤਾ। ਪਹਿਲਾਂ ਖਬਰ ਆਈ ਸੀ ਕਿ ਕੱਚਾ ਮਾਲ ਖਰੀਦਣ ਲਈ ਇਹ ਪੈਸਾ ਲਿਆ ਗਿਆ ਸੀ ਪਰ ਹੁਣ ਪਤਾ ਲੱਗਿਆ ਹੈ ਕਿ ਇਹ ਪੁਰਾਣੇ ਲੋਨ ਚੁਕਾਉਣ ਵਾਸਤੇ ਇਸਤੇਮਾਲ ਕੀਤਾ ਗਿਆ। ਮਤਲਬ ਬੈਂਕ ਤੋਂ ਲੋਨ ਲੈ ਕੇ ਬੈਂਕ ਦੇ ਪੁਰਾਣੇ ਲੋਨ ਉਤਾਰੇ ਗਏ।